ਵਿਅਕਤੀ ਦੀ ਮੌਜੂਦਗੀ ਵਾਲੀਆਂ ਸੁਣਵਾਈਆਂ

Home > तैयारी कैसै करै के लिए > ਵਿਅਕਤੀ ਦੀ ਮੌਜੂਦਗੀ ਵਾਲੀਆਂ ਸੁਣਵਾਈਆਂ
Share/Save/Bookmark print page
ਵਿਅਕਤੀ ਦੀ ਮੌਜੂਦਗੀ ਵਾਲੀਆਂ ਸੁਣਵਾਈਆਂ

ਵਿਅਕਤੀ ਦੀ ਮੌਜੂਦਗੀ ਵਾਲੀਆਂ ਸੁਣਵਾਈਆਂ

ਸੁਣਵਾਈ ‘ਤੇ ਕੀ ਆਸ ਕੀਤੀ ਜਾਵੇ

ਪ੍ਰਸ਼ਾਸਨਿਕ ਟ੍ਰਿਬਿਊਨਲ ਅਦਾਲਤਾਂ ਤੋਂ ਘੱਟ ਰਸਮੀ ਹੁੰਦੇ ਹਨ। ਅਦਾਲਤਾਂ ਦੇ ਮਿਆਰੀ ਨਿਯਮ ਸਮੂਹ ਹੁੰਦੇ ਹਨ ਜੋ ਸਾਰੀਆਂ ਅਦਾਲਤੀ ਕਾਰਵਾਈਆਂ ਨੂੰ ਚਲਾਉਂਦੇ ਹਨ, ਪਰ ਟ੍ਰਿਬਿਊਨਲਾਂ ਦੀ ਸਥਾਪਨਾ ਬਹੁਤ ਹੀ ਵੱਖਰੇ ਅਤੇ ਖਾਸ ਵਿਸ਼ਿਆਂ ਬਾਰੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਕੀਤੀ ਜਾਂਦੀ ਹੈ। ਇਸ ਕਾਰਨ, ਹਰੇਕ ਟ੍ਰਿਬਿਊਨਲ ਆਪਣੇ ਖੁਦ ਦੇ ਨਿਯਮ ਸਮੂਹਾਂ ਅਤੇ ਕਾਰਜ-ਪ੍ਰਕਿਰਿਆਵਾਂ ਦੀ ਪਾਲਣਾ ਕਰਦਾ ਹੈ ਅਤੇ ਤੁਹਾਡਾ ਪਹਿਲਾ ਕਦਮ ਇਹ ਪਤਾ ਲਗਾਉਣਾ ਹੈ ਕਿ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੈ। ਜ਼ਿਆਦਾਤਰ ਟ੍ਰਿਬਿਊਨਲਾਂ ਦੀਆਂ ਆਪਣੀਆਂ ਵੈਬਸਾਈਟਾਂ ‘ਤੇ ਸਵੈ-ਸਹਾਇਤਾ ਵਾਲਾ ਹਿੱਸਾ ਹੁੰਦਾ ਹੈ, ਜੋ ਸੁਣਵਾਈਆਂ, ਲਾਗੂ ਹੋਣ ਵਾਲੇ ਕਾਨੂੰਨਾਂ, ਨਿਯਮਾਂ ਅਤੇ ਨੀਤੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

ਜੇ ਤੁਸੀਂ ਅਜਿਹੇ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਹਿੱਸਾ ਲੈ ਰਹੇ ਹੋ ਜੋ ਜਨਤਾ ਲਈ ਖੁੱਲ੍ਹੀ ਹੈ, ਤਾਂ ਸੁਣਵਾਈ ਲਈ ਜਾਓ ਅਤੇ ਦੇਖੋ ਉਹ ਕਿਵੇਂ ਹੁੰਦੀਆਂ ਹਨ। ਇਸ ਨਾਲ ਤੁਹਾਨੂੰ ਆਪਣਾ ਖੁਦ ਦਾ ਕੇਸ ਤਿਆਰ ਕਰਨ ਵਿੱਚ ਮਦਦ ਮਿਲੇਗੀ।

ਹਾਲਾਂਕਿ ਟ੍ਰਿਬਿਊਨਲ ਅਦਾਲਤਾਂ ਤੋਂ ਘੱਟ ਰਸਮੀ ਹੁੰਦੇ ਹਨ, ਫੇਰ ਵੀ ਤੁਹਾਨੂੰ ਲਾਜਮੀ ਤੌਰ ‘ਤੇ ਵਿਹਾਰਸ਼ੀਲਤਾ ਦੇ ਆਮ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ:

  • ਸੁਣਵਾਈ ‘ਤੇ ਹਰ ਕਿਸੀ ਪ੍ਰਤੀ ਸਤਿਕਾਰ ਦਿਖਾਓ: ਨਿਰਣਾਇਕ, ਹੋਰ ਧਿਰਾਂ, ਗਵਾਹਾਂ ਅਤੇ ਟ੍ਰਿਬਿਊਨਲ ਸਟਾਫ ਪ੍ਰਤੀ।
  • ਪੇਸ਼ੇਵਰਾਨਾ ਤਰੀਕੇ ਨਾਲ ਪੁਸ਼ਾਕ ਪਹਿਨੋ। ਤੁਹਾਨੂੰ ਸੂਟ ਜਾਂ ਰਸਮੀ ਕਪੜੇ ਪਾਉਣ ਦੀ ਲੋੜ ਨਹੀਂ ਪਰ ਤੁਹਾਨੂੰ ਇੱਕ ਫੈਸਲਾ ਲੈਣ ਵਾਲੇ ਦੇ ਸਾਹਮਣੇ ਪੇਸ਼ ਹੋਣ ਮੁਤਾਬਕ ਢੁਕਵੀਂ ਪੁਸ਼ਾਕ ਪਹਿਨਣੀ ਚਾਹੀਦੀ ਹੈ।
  • ਤੁਹਾਨੂੰ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ ਅਤੇ ਟ੍ਰਿਬਿਊਨਲ ਸਟਾਫ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਵੀਡੀਓਕਾਨਫਰੰਸ ਸੁਣਵਾਈਆਂ
ਜੇ ਟ੍ਰਿਬਿਊਨਲ ਤੁਹਾਨੂੰ ਸੂਚਿਤ ਕਰਦਾ ਹੈ ਕਿ ਸੁਣਵਾਈ ਵਿਅਕਤੀ ਰੂਪ ਵਿੱਚ ਹੋਣ ਦੀ ਬਜਾਏ (ਤੁਹਾਡੇ ਕਿਰਾਏ ਦਾ ਖਰਚ ਬਚਾਉਣ ਲਈ) ਵੀਡੀਓਕਾਨਫਰੰਸ ਰਾਹੀਂ ਹੋਵੇਗੀ, ਤਾਂ ਟ੍ਰਿਬਿਊਨਲ ਰਜਿਸਟਰੀ ਨੂੰ ਪੁੱਛੋ ਕਿ ਵੀਡੀਓਕਾਨਫਰੰਸ ਕਿੱਥੇ ਹੋਵੇਗੀ। ਤੁਹਾਨੂੰ ਹੇਠਾਂ ਦੱਸੇ ਮੁਤਾਬਕ ਵਿਅਕਤੀ ਦੀ ਮੌਜੂਦਗੀ ਵਾਲੀ ਸੁਣਵਾਈ ਦੀ ਤਰ੍ਹਾਂ ਉਸੇ ਕਾਰਜ-ਪ੍ਰਕਿਰਿਆ ਦੀ ਪਾਲਣਾ ਕਰਨੀ ਚਾਹੀਦੀ ਹੈ।

ਕੀ ਟ੍ਰਿਬਿਊਨਲ ਦੀਆਂ ਸੁਣਵਾਈਆਂ ਜਨਤਾ ਲਈ ਖੁੱਲ੍ਹੀਆਂ ਹਨ?
ਕੁਝ ਟ੍ਰਿਬਿਊਨਲ ਦੀਆਂ ਸੁਣਵਾਈਆਂ ਜਨਤਾ ਲਈ ਖੁੱਲ੍ਹੀਆਂ ਹੁੰਦੀਆਂ ਹਨ। ਜੇ ਤੁਸੀਂ ਇਹ ਪਤਾ ਲਗਾਉਣ ਲਈ ਸੁਣਵਾਈ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਕਿ ਤੁਹਾਡੀ ਆਪਣੀ ਸੁਣਵਾਈ ਵਿੱਚ ਕੀ ਆਸ ਕੀਤੀ ਜਾਂਦੀ ਹੈ, ਤਾਂ ਆਉਣ ਵਾਲੀਆਂ ਸੁਣਵਾਈਆਂ ਦੀਆਂ ਤਾਰੀਖਾਂ ਬਾਰੇ ਅਤੇ ਇਸ ਬਾਰੇ ਪਤਾ ਲਗਾਉਣ ਲਈ ਕਿ ਕੀ ਤੁਹਾਨੂੰ ਇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੈ, ਤਾਂ ਟ੍ਰਿਬਿਊਨਲ ਦੀ ਵੈਬਸਾਈਟ ਦੀ ਜਾਂਚ ਕਰੋ (ਜਾਂ ਦਫਤਰ ਕਾਲ ਕਰੋ)।

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਕੇਸ ਵਿੱਚ ਸੰਵੇਦਨਸ਼ੀਲ ਮਾਮਲਾ ਸ਼ਾਮਲ ਹੈ ਅਤੇ ਤੁਸੀਂ ਸੁਣਵਾਈ ਵਾਲੇ ਕਮਰੇ ਵਿੱਚ ਆਮ ਲੋਕਾਂ ਦੇ ਹੋਣ ‘ਤੇ ਸੁਵਿਧਾ ਮਹਿਸੂਸ ਨਹੀਂ ਕਰਦੇ, ਤਾਂ ਤੁਹਾਨੂੰ ਲਾਜਮੀ ਤੌਰ ‘ਤੇ ਇਹ ਦੇਖਣ ਲਈ ਟ੍ਰਿਬਿਊਨਲ ਸਾਹਮਣੇ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਕਿ ਕੀ ਲੋਕਾਂ ਦੀ ਪਹੁੰਚ ‘ਤੇ ਪਾਬੰਦੀ ਲਗਾਈ ਜਾ ਸਕਦੀ ਜਾਂ ਮਨਾਹੀ ਕੀਤੀ ਜਾ ਸਕਦੀ ਹੈ।

ਕੀ ਟ੍ਰਿਬਿਊਨਲ ਦੀਆਂ ਸੁਣਵਾਈਆਂ ਮੀਡੀਆ ਲਈ ਖੁੱਲ੍ਹੀਆਂ ਹੁੰਦੀਆਂ ਹਨ?

ਜੇ ਸੁਣਵਾਈ ਜਨਤਾ ਲਈ ਖੁੱਲ੍ਹੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਮੀਡੀਆ ਦੇ ਮੈਂਬਰ ਵੀ ਹਾਜ਼ਰ ਹੋ ਸਕਦੇ ਹਨ ਪਰ ਕੈਮਰਿਆਂ ਅਤੇ ਰਿਕਾਰਡਿੰਗ ਵਾਲੇ ਯੰਤਰਾਂ ‘ਤੇ ਪਾਬੰਦੀ  ਲਗਾਈ ਜਾ ਸਕਦੀ ਹੈ। ਜੇ ਤੁਸੀਂ ਇਸ ਸਥਿਤੀ ਕਾਰਨ ਸੁਵਿਧਾ ਵਿੱਚ ਨਹੀਂ ਹੋ ਤਾਂ ਸੁਣਵਾਈ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਟ੍ਰਿਬਿਊਨਲ ਕੋਲ ਉਠਾਉਣਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ ਕਿ ਕੈਮਰੇ ਅਤੇ ਰਿਕਾਰਡਿੰਗ ਕਰਨ ਵਾਲੇ ਯੰਤਰ ਸੁਣਵਾਈ ਵਿੱਚ ਨਾ ਇਸਤੇਮਾਲ ਹੋਣ।

ਕੀ ਤੁਸੀਂ ਸੁਣਵਾਈ ‘ਤੇ ਆਪਣੀ ਖੁਦ ਦੀ ਰਿਕਾਰਡਿੰਗ ਕਰ ਸਕਦੇ ਹੋ?

ਟ੍ਰਿਬਿਊਨਲ ਕੈਮਰਿਆਂ ਅਤੇ ਰਿਕਾਰਡਿੰਗ ਯੰਤਰਾਂ ‘ਤੇ ਪਾਬੰਦੀ ਲਗਾ ਸਕਦਾ ਹੈ, ਇਸ ਲਈ ਤੁਹਾਨੂੰ ਸੁਣਵਾਈ ਤੋਂ ਪਹਿਲਾਂ ਟ੍ਰਿਬਿਊਨਲ ਤੋਂ ਪਹਿਲਾਂ ਪਤਾ ਲਗਾ ਲੈਣਾ ਚਾਹੀਦਾ ਹੈ ਜੇ ਤੁਸੀਂ ਆਪਣੇ ਖੁਦ ਦੇ ਰਿਕਾਰਡਿੰਗ ਯੰਤਰ ਦੇ ਇਸਤੇਮਾਲ ਦਾ ਇਰਾਦਾ ਰੱਖਦੇ ਹੋ। ਕਈ ਵਾਰੀ ਟ੍ਰਿਬਿਊਨਲ ਆਪਣੀਆਂ ਕਾਰਵਾਈਆਂ ਨੂੰ ਖੁਦ ਰਿਕਾਰਡ ਕਰੇਗਾ, ਅਤੇ ਤੁਸੀਂ ਫੀਸ ਦੇ ਕੇ ਇਸ ਦੀ ਪ੍ਰਤੀਲਿਪੀ ਪ੍ਰਾਪਤ ਕਰ ਸਕਦੇ ਹੋ।

ਸੁਣਵਾਈ ਲਈ ਤਿਆਰੀ

ਪਹਿਲੀਆਂ ਗੱਲਾਂ ਜੋ ਤੁਹਾਨੂੰ ਆਪਣੀ ਸੁਣਵਾਈ ਦੀ ਤਿਆਰੀ ਲਈ ਕਰਨੀਆਂ ਚਾਹੀਦੀਆਂ ਹਨ ਉਹਨਾਂ ਦਾ ਵਰਨਣ ਇਸ ਵੈਬਸਾਈਟ ਦੇ ਪਹਿਲੇ ਕਦਮਾਂ ਵਾਲੇ ਹਿੱਸੇ ਵਿੱਚ ਕੀਤਾ ਹੈ। ਤੁਹਾਨੂੰ ਹਮੇਸ਼ਾ ਟ੍ਰਿਬਿਊਨਲ ਦੀ ਵੈਬਸਾਈਟ ‘ਤੇ ਸਵੈ-ਮਦਦ ਬਾਰੇ ਜਾਣਕਾਰੀ ਨੂੰ ਪੜ੍ਹਨਾ ਚਾਹੀਦਾ ਹੈ ਜਾਂ ਪ੍ਰਕਿਰਿਆ ਬਾਰੇ ਜਾਣਕਾਰੀ ਲੈਣ ਲਈ ਟ੍ਰਿਬਿਊਨਲ ਦੇ ਦਫਤਰ ਕਾਲ ਕਰਨਾ ਚਾਹੀਦਾ ਹੈ। ਉਸ ਟ੍ਰਿਬਿਊਨਲ ਲਈ ਵੈਬਸਾਈਟ ਲਿੰਕ ਜਾਂ ਸੰਪਰਕ ਜਾਣਕਾਰੀ, ਜੋ ਤੁਹਾਡੀ ਦਿਲਚਸਪੀ ਦੀ ਹੈ, ਬਾਰੇ ਪਤਾ ਲਗਾਉਣ ਲਈ ਬੀਸੀ ਐਡਮਿਨ ਲਾਅ ਡਾਇਰੈਕਟਰੀ ਦੇਖੋ।

ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਕਿਵੇਂ ਕਰੀਏ
ਆਮ ਤੌਰ ‘ਤੇ, ਤੁਹਾਡਾ ਪਹਿਲਾ ਕੰਮ ਢੁਕਵੇਂ ਤੱਥਾਂ ਨੂੰ ਪੇਸ਼ ਕਰਨਾ ਹੈ- ਜੋ ਹੈ, ਉਹ ਗਵਾਹੀ ਜੋ ਤੁਹਾਡੇ ਕੇਸ ਦਾ ਸਮਰਥਨ ਕਰੇ। ਦੂਜਾ ਕੰਮ ਹੈ ਸਬੂਤ ਦੇ ਬਾਰੇ ਬੇਨਤੀਆਂ ਕਰਨੀਆਂ- ਜੋ ਹੈ ਕਿ ਨਿਰਣਾਇਕ ਨੂੰ ਇਸ ਬਾਰੇ ਦੱਸਣਾ ਕਿ ਤੁਸੀਂ ਕਿ ਚਾਹੁੰਦੇ ਹੋ ਕਿ ਉਹ ਤੁਹਾਡੇ ਵੱਲੋਂ ਪੇਸ਼ ਕੀਤੇ ਗਏ ਸਬੂਤ ਵਿੱਚੋਂ ਕੀ ਸਿੱਟ੍ਹਾ ਕੱਢਣ। ਤੀਜਾ ਕੰਮ ਹੈ ਇਹ ਵਰਨਣ ਕਰਨਾ ਕਿ ਕਿਵੇਂ ਕਾਨੂੰਨ ਤੁਹਾਡੇ ਕੇਸ ਦਾ ਸਮਰਥਨ ਕਰਦਾ ਹੈ। ਆਖਰੀ ਕੰਮ ਇਹ ਵਿਆਖਿਆ ਕਰਨੀ ਹੈ ਕਿ ਇਸ ਸਭ ਦਾ ਨਤੀਜਾ ਕਿਵੇਂ ਇਸ ਤਰ੍ਹਾਂ ਨਾਲ ਹੋਵੇ ਕਿ ਨਿਰਣਾਇਕ ਤੁਹਾਡੇ ਪੱਖ ਵਿੱਚ ਫੈਸਲਾ ਦੇਵੇ।

ਟ੍ਰਿਬਿਊਨਲ ਦੀ ਸੁਣਵਾਈ ਦੇ ਆਮ ਕਦਮ ਇਸ ਤਰ੍ਹਾਂ ਹਨ:

  • ਸ਼ੁਰੂਆਤੀ ਮਾਮਲੇ
  • ਸ਼ੁਰੂਆਤੀ ਬਿਆਨ
  • ਸਬੂਤ ਨੂੰ ਪੇਸ਼ ਕਰਨਾ
  • ਅੰਤਮ ਦਲੀਲ

ਸ਼ੁਰੂਆਤੀ ਮਾਮਲੇ
ਸੁਣਵਾਈ ‘ਤੇ ਲੋਕ ਆਪਣੇ ਆਪ ਦੀ ਜਾਣ-ਪਛਾਣ ਕਰਵਾਉਂਦੇ ਹਨ। ਕਈ ਨਿਰਣਾਇਕਾਂ ਨੂੰ "ਮੈਡਮ/ਮਿਸਟਰ ਐਡਜੁਡੀਕੇਟਰ", "ਮਿਸਟਰ/ਮੈਡਮ ਚੇਅਰ", ਕਹਿ ਕੇ ਸੰਬੋਧਤ ਕੀਤਾ ਜਾਂਦਾ ਹੈ ਅਤੇ ਕੁਝ ਨੂੰ "ਆਨਰੇਬਲ ਮੈਂਬਰ" ਕਹਿ ਕੇ ਸੰਬੋਧਤ ਕੀਤਾ ਜਾਂਦਾ ਹੈ। ਇਹ ਚੰਗਾ ਸੁਝਾਅ ਹੋਵੇਗਾ ਕਿ ਨਿਰਣਾਇਕ ਤੋਂ ਹੀ ਪੁੱਛ ਲਿਆ ਜਾਵੇ ਕਿ ਉਹ ਸੁਣਵਾਈ ਦੌਰਾਨ ਕੀ ਕਹਾਉਣਾ ਪਸੰਦ ਕਰਨਗੇ। ਸੁਣਵਾਈ ਵਿੱਚ ਹੋਰ ਕਿਸੇ ਨੂੰ ਮਿਸਟਰ, ਮਿਜ਼, ਜਾਂ ਮਿਸਿਜ਼ ਕਹਿ ਕੇ ਸੰਬੋਧਤ ਕੀਤਾ ਜਾਂਦਾ ਹੈ ਜਿਸ ਵਿੱਚ ਦੂਜੀਆਂ ਧਿਰਾਂ ਅਤੇ ਗਵਾਹ ਵੀ ਸ਼ਾਮਲ ਹੁੰਦੇ ਹਨ (ਬਾਵਜੂਦ ਇਸਦੇ ਕਿ ਤੁਸੀਂ ਗਵਾਹਾਂ ਨੂੰ ਜਾਣਦੇ ਹੋ ਅਤੇ ਆਮ ਤੌਰ ‘ਤੇ ਉਹਨਾਂ ਦਾ ਪਹਿਲਾ ਨਾਮ ਲੈ ਕੇ ਸੰਬੋਧਤ ਕਰਦੇ ਹੋ)।

ਨਿਰਣਾਇਕ ਸੁਣਵਾਈ ‘ਤੇ ਫੈਸਲਾ ਕੀਤੇ ਜਾਣ ਵਾਲੇ ਮੁੱਦਿਆਂ ਦਾ ਸਾਰ ਦੱਸ ਸਕਦਾ ਹੈ। ਉਹ ਆਮ ਤੌਰ ‘ਤੇ ਸੁਣਵਾਈ ‘ਤੇ ਪਾਲਣਾ ਕੀਤੇ ਜਾਣ ਵਾਲੇ ਨਿਯਮਾਂ ਅਤੇ ਕਾਰਜ-ਪ੍ਰਕਿਰਿਆਵਾਂ ਦੀ ਪੜਚੋਲ ਕਰੇਗਾ/ਕਰੇਗੀ।

ਸ਼ੁਰੂਆਤੀ ਬਿਆਨ
ਜਿਹੜੀ ਧਿਰ ਨੇ ਪ੍ਰਸ਼ਾਸਨਿਕ ਸੁਣਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਉਹ ਆਮ ਤੌਰ ਪਹਿਲਾਂ ਆਪਣਾ ਸ਼ੁਰੂਆਤੀ ਬਿਆਨ ਦਿੰਦੀ ਹੈ, ਤੇ ਉਸ ਤੋਂ ਬਾਅਦ ਦੂਜੀ ਧਿਰ। ਸ਼ੁਰੂਆਤੀ ਬਿਆਨ ਦਾ ਉਦੇਸ਼ ਹੈ:

  • ਤੁਹਾਡੇ ਕੇਸ ਦਾ ਬਹੁਤ ਸੰਖੇਪ ਵਿੱਚ ਵਰਨਣ ਕਰਨਾ;
  • ਨਿਰਣਾਇਕ ਨੂੰ ਦਸਣਾ ਕਿ ਕੀ ਉਪਾਅ, ਫੈਸਲਾ, ਜਾਂ ਨਤੀਜਾ ਤੁਸੀਂ ਚਾਹ ਰਹੇ ਹੋ;
  • ਆਪਣੇ ਕੇਸ ਦੇ ਪ੍ਰਮੁੱਖ ਨੁਕਤਿਆਂ ਦੀ ਰੂਪ ਰੇਖਾ ਦੇਣਾ; ਅਤੇ
  • ਨਿਰਣਾਇਕ ਨੂੰ ਦਸਣਾ ਕਿ ਕਿਹੜਾ ਸਬੂਤ ਤੁਸੀਂ ਪੇਸ਼ ਕਰੋਗੇ। (ਤੁਸੀਂ ਅਸਲ ਵਿੱਚ ਇਸ ਮੁਕਾਮ ‘ਤੇ ਆਪਣਾ ਸਬੂਤ ਪੇਸ਼ ਨਹੀਂ ਕਰਦੇ)

ਸਬ੍ਵਤ ਬਾਰੇ ਜਾਣ-ਪਛਾਣ ਕਰਵਾਉਣੀ
ਸਬੂਤ ਅਸਲ ਵਿੱਚ ਇੱਕ ਭੌਤਿਕ ਵਸਤੂ ਹੈ-ਜਿਵੇਂ ਕਿ ਇੱਕ ਦਸਤਾਵੇਜ਼ - ਜਿਸ ਨੂੰ ਤੁਸੀਂ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਆਪਣਾ ਕੇਸ ਸਾਬਤ ਕਰਨ ਲਈ ਲਿਆਉਂਦੇ ਹੋ। ਸਬੂਤ ਉਹ ਵੀ ਹੋ ਸਕਦਾ ਹੈ ਜੋ ਤੁਸੀਂ (ਜਾਂ ਤੁਹਾਡੇ ਗਵਾਹਾਂ ਨੇ) ਆਪਣੇ ਕੇਸ ਦੇ ਤੱਥਾਂ ਬਾਰੇ ਕਹਿਣਾ ਹੈ। ਇਹ ਉਹ ਸਾਰੀ ਜਾਣਕਾਰੀ ਹੈ ਜਿਹੜੀ ਨਿਰਣਾਇਕ ਨੂੰ ਉਹਨਾਂ ਤੱਥਾਂ ਨੂੰ ਸਮਝਣ ਲਈ ਲੋੜੀਂਦੀ ਹੈ ਜੋ ਤੁਹਾਡੇ ਕੇਸ ਦਾ ਸਮਰਥਨ ਕਰਦੇ ਹਨ।

ਜਿਹੜੀ ਧਿਰ ਸ਼ਿਕਾਇਤ ਜਾਂ ਅਪੀਲ ਦਾਇਰ ਕਰਦੀ ਹੈ ਉਹ ਪਹਿਲਾਂ ਜਾਂਦੀ ਹੈ। ਇਹ ਤੁਹਾਡੇ ਕੇਸ ਦਾ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਤੁਸੀਂ ਨਿਰਣਾਇਕ ਕੋਲ ਇਹ ਪ੍ਰਗਟਾਵਾ ਕਰੋਗੇ ਕਿ ਤੁਹਾਡੇ ਕੋਲ ਉਹ ਸਬੂਤ ਹੈ ਜੋ ਤੁਹਾਡੇ ਦਾਅਵੇ ਦਾ ਸਮਰਥਨ ਦਾ ਸਮਰਥਨ ਕਰਦਾ ਹੈ।

ਤੁਹਾਡੇ "ਸਹੁੰ ਚੁੱਕਣ" (ਜੋ ਕਿ ਤੁਸੀਂ ਸੱਚ ਬੋਲਣ ਲਈ ਸਹੁੰ ਖਾਂਦੇ ਜਾਂ ਇਸ ਦੀ ਪਰੋੜ੍ਹਤਾ ਕਰਦੇ ਹੋ) ਤੋਂ ਬਾਅਦ, ਤੁਸੀਂ ਨਿਰਣਾਇਕ ਨੂੰ ਆਪਣੇ ਕੇਸ ਦੇ ਤੱਥਾਂ ਅਤੇ ਉਹਨਾਂ ਤੱਥਾਂ ਦਾ ਸਮਰਥਨ ਕਰਨ ਵਾਲੇ ਸਬੂਤ ਸਮੇਤ ਆਪਣੇ ਕੇਸ ਬਾਰੇ ਦੱਸੋਗੇ। ਮਿਸਾਲ ਦੇ ਤੌਰ ‘ਤੇ ਜੇ ਤੁਹਾਡਾ ਕਿਰਾਏ ਦੇ ਦੇਰੀ ਨਾਲ ਭੁਗਤਾਨ ਨੂੰ ਲੈ ਕੇ ਆਪਣੇ ਮਕਾਨ ਮਾਲਕ ਨਾਲ ਝਗੜਾ ਹੈ ਤਾਂ, ਤੁਸੀਂ ਨਿਰਣਾਇਕ ਨੂੰ ਉਸ ਤਾਰੀਖ ਬਾਰੇ ਦੱਸੋਗੇ ਜਿਸ ਨੂੰ ਤੁਸੀਂ ਮਕਾਨ ਮਾਲਕ ਨੂੰ ਕਿਰਾਏ ਦਾ ਚੈਕ ਦਿੱਤਾ ਸੀ ਅਤੇ ਸੁਣਵਾਈ ‘ਤੇ ਰੱਦ ਕੀਤੇ ਚੈਕ ਦਾ ਸਬੂਤ ਲਿਆਉਗੇ।

ਆਪਣੇ ਗਵਾਹਾਂ ਨੂੰ ਬੁਲਾਉਣਾ
ਤੁਸੀਂ ਗਵਾਹਾਂ ਨੂੰ ਉਹ ਗਵਾਹੀ ਦੇਣ ਲਈ ਬੁਲਾ ਸਕਦੇ ਹੋ ਜੋ ਤੁਹਾਡੇ ਕੇਸ ਦਾ ਸਮਰਥਨ ਕਰਦੇ ਹਨ। ਮਿਸਾਲ ਦੇ ਤੌਰ ‘ਤੇ ਜੇ ਕੋਈ ਉਸ ਵੇਲੇ ਤੁਹਾਡੇ ਨਾਲ ਸੀ ਜਦੋਂ ਤੁਸੀਂ ਮਕਾਨ ਮਾਲਕ ਨੂੰ ਕਿਰਾਏ ਦਾ ਚੈਕ ਦਿੱਤਾ, ਤਾਂ ਤੁਸੀਂ ਉਸ ਵਿਅਕਤੀ ਨੂੰ ਗਵਾਹ ਦੇ ਰੂਪ ਵਿੱਚ ਬੁਲਾਉਗੇ ਕਿਉਂਕਿ ਨਿਰਣਾਇਕ ਸਿੱਧੀ ਗਵਾਹੀ ਉਸ ਵਿਅਕਤੀ ਤੋਂ ਸੁਣਨਾ ਚਾਹੁੰਦਾ ਹੈ ਜਿਸ ਨੇ ਘਟਨਾ ਹੁੰਦੇ ਦੇਖੀ ਸੀ।

ਆਮ ਤੌਰ ‘ਤੇ ਤੁਹਾਡੇ ਗਵਾਹ ਸੁਣਵਾਈ ਵਾਲੇ ਕਮਰੇ ਵਿੱਚ ਉਦੋਂ ਤਕ ਨਹੀਂ ਜਾ ਸਕਦੇ ਜਦੋਂ ਤਕ ਉਹਨਾਂ ਲਈ ਗਵਾਹੀ ਦੇਣ ਦਾ ਸਮਾਂ ਨਹੀਂ ਹੁੰਦਾ। ਇਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਉਹਨਾਂ ਦੀ ਗਵਾਹੀ ਤੁਹਾਡੀ ਗਵਾਹੀ ਅਤੇ ਹੋਰਨਾ ਗਵਾਹਾਂ ਦੀ ਗਵਾਹੀ ਨੂੰ ਸੁਣਨ ਕਰਕੇ ਪ੍ਰਭਾਵਿਤ ਨਹੀਂ ਹੁੰਦੀ।

ਤੁਹਾਡੇ ਗਵਾਹਾਂ ਨੂੰ ਤੁਹਾਡੇ ਕੇਸ ਦੇ ਬਾਰੇ ਨਿਰਣਾਇਕ ਨੂੰ ਸਿੱਧੀ ਗਵਾਹੀ ਦੇਣ ਦੇ ਯੋਗ ਹੋਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿੱਚ, ਸਭ ਤੋਂ ਚੰਗਾ ਹੋਵੇ ਜੇ ਉਹਨਾਂ ਕੋਲ ਉਹਨਾਂ ਤੱਥਾਂ ਬਾਰੇ ਮੁਢਲੀ ਜਾਣਕਾਰੀ ਹੋਵੇ ਜੋ ਉਹ ਨਿਰਣਾਇਕ ਨੂੰ ਦਸ ਰਹੇ ਹਨ। ਜੇ ਗਵਾਹੀ ਸਿੱਧੀ ਨਹੀਂ ਹੈ, ਇਹ "ਸੁਣੀ ਸੁਣਾਈ ਗੱਲ ਹੈ" ਅਤੇ ਹਾਲਾਂਕਿ ਹੋ ਸਕਦਾ ਹੈ ਕਿ ਇਸ ਨੂੰ ਗਵਾਹੀ ਦੇ ਰੂਪ ਵਿੱਚ ਨਿਰਣਾਇਕ ਵੱਲੋਂ ਸਵੀਕਾਰ ਵੀ ਕਰ ਲਿਆ ਜਾਵੇ, ਪਰ ਹੋ ਸਕਦਾ ਹੈ ਕਿ ਇਸ ਨੂੰ ਐਨਾ ਵਜ਼ਨ ਨਾ ਦਿੱਤਾ ਜਾਵੇ। ਮਿਸਾਲ ਦੇ ਤੌਰ ‘ਤੇ ਤੁਹਾਨੂੰ ਆਪਣੀ ਪਤਨੀ ਨੂੰ ਇਹ ਗਵਾਹੀ ਦੇਣ ਲਈ ਨਹੀਂ ਲਿਆਉਣਾ ਚਾਹੀਦਾ ਜਿਸ ਬਾਰੇ ਤੁਸੀਂ ਉਸ ਨੂੰ ਦੱਸਿਆ ਸੀ ਕਿ 1 ਜੂਨ ਨੂੰ ਜਦੋਂ ਤੁਸੀਂ ਮਕਾਨ ਮਾਲਕ ਨੂੰ ਚੈਕ ਦਿੱਤਾ ਸੀ ਤਾਂ ਫਰੈਡ ਤੁਹਾਡੇ ਨਾਲ ਸੀ। ਬਜਾਏ ਇਸਦੇ ਫਰੈਡ ਨੂੰ ਖੁਦ ਸੁਣਵਾਈ ‘ਤੇ ਆ ਕੇ ਨਿਰਣਾਇਕ ਨੂੰ ਇਹ ਦਸਣਾ ਚਾਹੀਦਾ ਹੈ ਕਿ ਉਸ ਤਾਰੀਖ ਨੂੰ ਉਸ ਨੇ ਤੁਹਾਨੂੰ ਮਕਾਨ ਮਾਲਕ ਨੂੰ ਚੈਕ ਦਿੰਦਿਆਂ ਦੇਖਿਆ ਸੀ।

ਤੁਹਾਡਾ ਗਵਾਹ ਕਿਵੇਂ ਗਵਾਹੀ ਦਿੰਦਾ ਹੈ
ਤੁਹਾਡੇ ਗਵਾਹ ਵੱਲੋਂ "ਸਹੁੰ ਚੁੱਕਣ" (ਕਿ ਉਹ ਸੱਚ ਬੋਲਣ ਲਈ ਸਹੁੰ ਖਾਂਦਾ/ਖਾਂਦੀ ਹੈ ਜਾਂ ਹਾਮੀ ਭਰਦਾ/ਭਰਦੀ ਹੈ) ਤੋਂ ਬਾਅਦ, ਤੁਹਾਡਾ ਗਵਾਹ ਤੁਹਾਡੇ ਸਵਾਲਾਂ ਦੇ ਜਵਾਬ ਦੇ ਕੇ ਗਵਾਹੀ ਦਿੰਦਾ ਹੈ। ਜਿਹੜੇ ਤੱਥ ਤੁਸੀਂ ਚਾਹੁੰਦੇ ਹੋ ਕਿ ਉਹ ਨਿਰਣਾਇਕ ਨੂੰ ਦੱਸੇ ਉਹਨਾਂ ਦੀ ਪੜਚੋਲ ਕਰਕੇ ਸੁਣਵਾਈ ਤੋਂ ਪਹਿਲਾਂ ਤੁਹਾਨੂੰ ਆਪਣੇ ਗਵਾਹ ਨੂੰ "ਤਿਆਰ" ਕਰ ਲੈਣਾ ਚਾਹੀਦਾ ਹੈ। ਤੁਹਾਨੂੰ ਗਵਾਹ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਵੇਂ ਸਵਾਲਾਂ ਦੇ ਜਵਾਬ ਦੇਣੇ ਹਨ, ਸਿਰਫ ਇਹ ਕਿ ਕਿਹੜੇ ਸਵਾਲ ਤੁਸੀਂ ਪੁੱਛੋਗੇ।

ਤੁਹਾਡੇ ਸਵਾਲ ਅਸਾਨ ਅਤੇ ਸਿੱਧੇ ਹੋ ਸਕਦੇ ਹਨ, ਜਿਵੇਂ ਕਿ, ਕੀ ਤੁਸੀਂ ਨਿਰਣਾਇਕ ਨੂੰ ਦੱਸ ਸਕਦੇ ਹੋ ਕਿ 1 ਜੂਨ 2008 ਨੂੰ ਕੀ ਵਾਪਰਿਆ? ਜਾਂ ਤੁਹਾਡੇ ਸਵਾਲ ਹੋਰ ਵਿਸਥਾਰਤ ਜਾਣਕਾਰੀ ਬਾਰੇ ਪੁੱਛ ਸਕਦੇ ਹਨ, ਜਿਵੇਂ ਕਿ, "ਕੀ ਤੁਸੀਂ ਮਿਸਟਰ ਬਰਾਉਨ ਨੂੰ ਇਸ ਦਸਤਾਵੇਜ਼ ‘ਤੇ ਦਸਤਖਤ ਕਰਦਿਆਂ ਦੇਖਿਆ?"

ਆਪਣੇ ਗਵਾਹ ਨੂੰ "ਪ੍ਰਮੁੱਖ ਸਵਾਲ" ਕਰਨੇ ਢੁਕਵੇਂ ਨਹੀਂ ਹਨ ਇਹ ਅਜਿਹੇ ਸਵਾਲ ਹਨ ਜੋ ਗਵਾਹ ਨੂੰ ਜਵਾਬ ਦਸਦੇ ਹੋਣ। ਮਿਸਾਲ ਦੇ ਤੌਰ ‘ਤੇ, ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ, "ਤੁਸੀਂ ਮੈਨੂੰ 1 ਜੂਨ 2008 ਨੂੰ ਮਕਾਨ ਮਾਲਕ ਨੂੰ ਕਿਰਾਏ ਦਾ ਚੈਕ ਦਿੰਦਿਆਂ ਦੇਖਿਆ, ਕੀ ਤੁਸੀਂ ਨਹੀਂ ਦੇਖਿਆ ਸੀ?" ਕਿਉਂਕਿ ਇਹ ਗਵਾਹ ਨੂੰ ਸੁਝਾਅ ਦਿੰਦਾ ਹੈ ਕਿ ਉਸ ਨੂੰ ਤੁਹਾਡੇ ਨਾਲ ਸਹਿਮਤ ਹੋਣਾ ਚਾਹੀਦਾ ਹੈ। ਇਸ ਦੀ ਬਜਾਏ ਤੁਸੀਂ ਕਹੋਗੇ:
ਪ੍ਰਸ਼ਨ:  ਜਦੋਂ ਮੈਂ ਆਪਣੇ ਮਕਾਨ ਮਾਲਕ ਦੇ ਘਰ ਗਿਆ ਕੀ ਤੁਸੀਂ ਕਦੇ ਮੇਰੇ ਨਾਲ ਗਏ ਹੋ?
ਪ੍ਰਸ਼ਨ:           ਅਸੀਂ ਕਿਹੜੇ ਦਿਨ ਉੱਥੇ ਗਏ ਸੀ?
ਪ੍ਰਸ਼ਨ: ਕੀ ਤੁਸੀਂ ਕਿਰਪਾ ਕਰਕੇ ਇਸ ਬਾਰੇ ਵਰਨਣ ਕਰ ਸਕਦੇ ਹੋ ਕਿ ਉਦੋਂ ਕੀ ਵਾਪਰਿਆ ਜਦੋਂ ਅਸੀਂ ਮਕਾਨ ਮਾਲਕ ਦੀ ਰਿਹਾਇਸ਼ ‘ਤੇ ਗਏ?

ਇਸ ਕਿਸਮ ਦੇ ਸਵਾਲ ਗਵਾਹ ਨੂੰ ਆਪਣੇ ਸ਼ਬਦਾਂ ਵਿੱਚ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਦਿੰਦੇ ਹਨ। ਐਪਰ, ਜੇ ਤੁਸੀਂ ਗਵਾਹ ਤੋਂ ਜੋ ਜਾਣਕਾਰੀ ਮੰਗ ਰਹੇ ਹੋ ਉਹ ਮਹਿਜ ਸੂਚਿਤ ਕਰਨ ਵਾਲੀ ਅਤੇ ਗੈਰ-ਵਿਵਾਦਤ ਹੈ (ਜਿਵੇਂ ਕਿ ਉਸ ਦਾ ਪਤਾ ਅਤੇ ਪੇਸ਼ਾ) ਜਾਂ ਨਿਰਣਾਇਕ ਅਜਿਹੇ ਸਵਾਲਾਂ ਨੂੰ ਪ੍ਰਵਾਨ ਕਰਦਾ ਹੈ, ਤਾਂ ਤੁਸੀਂ ਗਵਾਹ ਨੂੰ ਉਹਨਾਂ ਸਵਾਲਾਂ ਵੱਲ ਲਿਜਾ ਸਕਦੇ ਹੋ ਜੋ ਕਿ ਅੱਗੇ ਦਿੱਤੇ ਮੁਤਾਬਕ ਹੈ:
      ਪ੍ਰਸ਼ਨ: ਮਿਸਟਰ ਬਰਾਊਨ, ਤੁਸੀਂ ਇੱਕ ਇਲੈਕਟ੍ਰੀਸ਼ੀਅਨ ਹੋ ਅਤੇ ਤੁਸੀਂ ਵੈਨਕੂਵਰ ਵਿੱਚ 123 ਮੇਨ ਸਟਰੀਟ ਵਿੱਚ ਰਹਿੰਦੇ ਹੋ। ਕੀ ਇਹ ਸਹੀ ਹੈ?
      ਉੱਤਰ: ਹਾਂ।

ਜਦੋਂ ਗਵਾਹ ਆਪਣੀ ਕਹਾਣੀ ਬਿਆਨ ਕਰਦਾ ਹੈ ਜਾਂ ਸਵਾਲਾਂ ਦੇ ਜਵਾਬ ਦਿੰਦਾ ਹੈ ਤਾਂ ਉਸ ਨੂੰ ਸਵਾਲ ਪੁੱਛਣ ਵਾਲੇ ਵਿਅਕਤੀ ਨਾਲ ਨਹੀਂ ਬਲਕਿ ਸਿੱਧੇ ਨਿਰਣਾਇਕ ਨਾਲ ਗੱਲ ਕਰਨੀ ਚਾਹੀਦੀ ਹੈ।

ਉਸ ਗਵਾਹ ਨੂੰ ਵਿੱਚ ਨਾ ਰੋਕ ਜੋ ਗਵਾਹੀ ਦੇ ਰਿਹਾ ਹੈ, ਜਦੋਂ ਤਕ ਕਿ ਗਵਾਹ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇ ਰਿਹਾ ਜਾਂ ਅਜਿਹੀਆਂ ਗੱਲਾਂ ਕਹਿ ਰਿਹਾ ਹੈ ਜਾ ਢੁਕਵੀਆਂ ਨਹੀਂ ਹਨ।

ਦੂਜੀ ਧਿਰ, ਆਪਣੇ ਦੇ ਕੇਸ ਦੇ ਸਮਰਥਨ ਵਿੱਚ ਗਵਾਹੀ ਦਿੰਦੀ ਹੈ ਅਤੇ ਤੁਹਾਨੂੰ ਉਹਨਾਂ ਤੋਂ ਪੁੱਛਗਿੱਛ ਕਰਨ (ਮਤਲਬ ਕਿ ਉਹਨਾਂ ਤੋਂ ਸਵਾਲ ਪੁੱਛਣ) ਦਾ ਅਧਿਕਾਰ ਹੈ। ਨਿਰਣਾਇਕ ਆਪਣੇ ਖੁਦ ਦੇ ਸਵਾਲ ਕਰ ਸਕਦਾ/ਸਕਦੀ ਹੈ।

ਗਵਾਹਾਂ ਤੋਂ ਪੁੱਛਗਿੱਛ
ਤੁਹਾਨੂੰ ਦੂਜੀ ਧਿਰ ਅਤੇ ਉਸ ਦੇ ਗਵਾਹਾਂ ਤੋਂ ਪੁੱਛਗਿੱਛ ਕਰਨ ਦਾ ਮੌਕਾ ਹੋਵੇਗਾ। ਇਸੇ ਤਰ੍ਹਾਂ, ਦੂਜੀ ਧਿਰ ਨੂੰ ਤੁਹਾਨੂੰ ਅਤੇ ਤੁਹਾਡੇ ਗਵਾਹਾਂ ਤੋਂ ਪੁੱਛਗਿੱਛ ਕਰਨ ਦਾ ਮੌਕਾ ਹੋਵੇਗਾ।

ਪੁੱਛਗਿੱਛ ਦਾ ਉਦੇਸ਼ ਹੈ

  • ਦੂਜੀ ਧਿਰ ਦੇ ਗਵਾਹ ਤੋਂ ਪਰਮਾਣ ਲੈਣੇ ਜੋ ਤੁਹਾਡੇ ਆਪਣੇ ਕੇਸ ਦਾ ਸਮਰਥਨ ਕਰਨ; ਅਤੇ
  • ਗਵਾਹ ਨੂੰ ਨਾਵਿਸ਼ਵਾਸਯੋਗ ਬਣਾਉਣਾ (ਜਿਵੇਂ ਕਿ, ਗਵਾਹ ਦੀ ਗਵਾਹੀ ਨੂੰ ਘੱਟ ਮੰਨਣਯੋਗ ਜਾ ਭਰੋਸੇਯੋਗ ਬਣਾਉਣਾ)।

ਪੁੱਛਗਿਛ ਵਿੱਚ ਸਵਾਲਾਂ ਦਾ ਦਾਇਰਾ ਵਿਸ਼ਾਲ ਹੈ- ਤੁਸੀਂ ਓਨੀ ਦੇਰ ਤਕ ਕੇਸ ਨਾਲ ਢੁਕਵੇਂ ਕੋਈ ਵੀ ਸਵਾਲ ਕਰ ਸਕਦੇ ਹੋ ਜਦੋਂ ਤਕ ਕਿ ਤੁਸੀਂ ਗਵਾਹ ਨੂੰ ਪਰੇਸ਼ਾਨ ਨਾ ਕਰ ਦੇਵੋ। ਤੁਹਾਡੇ ਆਪਣੇ ਗਵਾਹ ਦੀ ਸਿੱਧੀ ਜਾਂਚ ਦੇ ਉਲਟ ਤੁਸੀਂ ਪੁੱਛਗਿੱਛ ਦੌਰਾਨ ਗਵਾਹ ਤੋਂ ਪ੍ਰਮੁੱਖ ਸਵਾਲ ਪੁੱਛ ਸਕਦੇ ਹੋ।

ਪੁੱਛਗਿੱਛ ਇਹਨਾਂ ਖੇਤਰਾਂ ‘ਤੇ ਕੇਂਦਰਤ ਹੋ ਸਕਦੀ ਹੈ:

  • ਇਹ ਦਿਖਾਉਣਾ ਕਿ ਗਵਾਹ ਦੂਜੀ ਧਿਰ ਦਾ ਪੱਖ ਲੈਂਦਾ ਹੈ (ਮਤਲਬ ਕਿ ਉਹ ਲਿਹਾਜੀ ਹੈ);
  • ਇਹ ਦਿਖਾਉਣਾ ਕਿ ਗਵਾਹ ਨੇ ਆਪਣੇ ਪਿਛਲੇ ਬਿਆਨਾਂ ਦਾ ਖੰਡਨ ਕੀਤਾ ਹੈ;
  • ਕੁਝ ਨੁਕਤਿਆਂ ‘ਤੇ ਗਵਾਹ ਦੀ ਯਾਦਾਸ਼ਤ ਨੂੰ ਚੁਣੌਤੀ ਦੇਣਾ; ਅਤੇ
  • ਗਵਾਹ ਦੇ ਘਟਨਾ ਦੇ ਵੇਰਵੇ ਨੂੰ ਚੁਣੌਤੀ ਦੇਣਾ।

ਸਵਾਲਾਂ ਤੇ ਇਤਰਾਜ ਕਰਨਾ
ਤੁਹਾਨੂੰ ਜਾਂ ਤੁਹਾਡੇ ਗਵਾਹ ਨੂੰ ਪੁੱਛੇ ਸਵਾਲ ‘ਤੇ ਤੁਸੀਂ ਇਤਰਾਜ ਕਰ ਸਕਦੇ ਹੋ। ਮਿਸਾਲ ਦੇ ਤੌਰ ‘ਤੇ ਜੇ ਤੁਹਾਨੂੰ ਜਾਂ ਤੁਹਾਡੇ ਗਵਾਹ ਨੂੰ ਅਜਿਹਾ ਸਵਾਲ ਕੀਤਾ ਜਾਂਦਾ ਹੈ ਜਿਸ ਬਾਰੇ ਤੁਸੀਂ ਸਮਝਦੇ ਹੋ ਕਿ ਉਹ ਨਿਰਣਾਇਕ ਸਾਹਮਣੇ ਢੁਕਵਾਂ ਮਾਮਲਾ ਨਹੀਂ ਹੈ, ਤਾਂ ਤੁਸੀਂ ਨਿਰਣਾਇਕ ਨੂੰ ਦੱਸ ਸਕਦੇ ਹੋ ਕਿ ਤੁਸੀਂ ਪੁੱਛੇ ਗਏ ਸਵਾਲ ‘ਤੇ ਇਤਰਾਜ ਕਰਦੇ ਹੋ ਅਤੇ ਇਹ ਵਿਆਖਿਆ ਕਰਦੇ ਹੋ ਕਿ ਅਜਿਹਾ ਕਿਉਂ ਹੈ। ਜੇ ਨਿਰਣਾਇਕ ਸਹਿਮਤ ਹੁੰਦਾ ਹੈ ਕਿ ਸਵਾਲ ਢੁਕਵਾਂ ਨਹੀਂ ਹੈ, ਤਾਂ ਤੁਹਾਨੂੰ ਇਸ ਦਾ ਜਵਾਬ ਨਹੀਂ ਦੇਣਾ ਪਏਗਾ। ਅਤੇ ਜੇ ਨਿਰਣਾਇਕ ਅਸਹਿਮਤ ਹੁੰਦਾ ਹੈ, ਤੁਹਾਨੂੰ ਇਸ ਦਾ ਜਵਾਬ ਦੇਣਾ ਪਏਗਾ।

ਹੋਰ ਧਿਰਾਂ ਆਪਣੇ ਕੇਸ ਦੇ ਸਮਰਥਨ ਵਿੱਚ ਗਵਾਹੀ ਦਿੰਦੀਆਂ ਹਨ ਅਤੇ ਤੁਹਾਨੂੰ ਉਹਨਾਂ ਨੂੰ ਸਵਾਲ ਕਰਨ ਦਾ ਅਧਿਕਾਰ ਹੈ।
ਨਿਰਣਾਇਕ ਆਪਣੇ ਖੁਦ ਦੇ ਸਵਾਲ ਕਰ ਸਕਦਾ/ਸਕਦੀ ਹੈ।

ਦਸਤਾਵੇਜ਼ ਪੇਸ਼ ਕਰਨੇ
ਤੁਹਾਡੇ ਕੋਲ ਦਸਤਾਵੇਜ਼ ਹੋ ਸਕਦੇ ਹਨ ਜੋ ਤੁਹਾਡੇ ਕੇਸ ਦਾ ਸਮਰਥਨ ਕਰਨ। ਮਿਸਾਲ ਦੇ ਤੌਰ ‘ਤੇ ਹੋ ਸਕਦਾ ਹੈ ਕਿ ਤੁਸੀਂ ਚਾਹੋ ਕਿ ਨਿਰਣਾਇਕ ਸਮਝੌਤੇ, ਬੀਚਕ, ਰੱਦ ਕੀਤੇ ਚੈਕ, ਤਸਵੀਰਾਂ ਜਾਂ ਹੋਰ ਅਹਿਮ, ਢੁਕਵੇਂ ਦਸਤਾਵੇਜ਼ ਦੇਖੇ। ਤੁਹਾਨੂੰ ਸੁਣਵਾਈ ਤੋਂ ਕਾਫੀ ਦੇਰ ਪਹਿਲਾਂ ਨਿਰਣਾਇਕ ਅਤੇ ਹੋਰਨਾਂ ਧਿਰਾਂ ਕੋਲ ਆਪਣੇ ਦਸਤਾਵੇਜ਼ ਲਾਜਮੀ ਤੌਰ ‘ਤੇ ਪੇਸ਼ ਕਰ ਦੇਣੇ ਚਾਹੀਦੇ ਹਨ। ਜੇ ਨਿਰਣਾਇਕ ਤੁਹਾਨੂੰ ਮਗਰੋਂ, ਜਿਵੇਂ ਕਿ ਸੁਣਵਾਈ ਵਾਲੇ ਦਿਨ ‘ਤੇ, ਦਸਤਾਵੇਜ਼ ਪੇਸ਼ ਕਰਨ ਦੀ ਖੁੱਲ੍ਹ ਦਿੰਦਾ ਹੈ ਤਾਂ ਸ਼ਾਇਦ ਤੁਹਾਨੂੰ ਉਹਨਾਂ ਨੂੰ ਫੈਕਸ ਰਾਹੀਂ ਭੇਜਣਾ ਪਏਗਾ।

ਟ੍ਰਿਬਿਊਨਲ ਦੇ ਨਿਯਮ ਤੁਹਾਨੂੰ ਮਾਮਲਿਆਂ ਬਾਰੇ ਸੇਧ ਦੇਣਗੇ ਜਿਵੇਂ ਕਿ:

  • ਤੁਹਾਨੂੰ ਕਿਵੇਂ ਲਾਜਮੀ ਤੌਰ ‘ਤੇ ਦੂਜੀ ਧਿਰ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਤੁਸੀਂ ਦਸਤਾਵੇਜ਼ਾਂ ਨੂੰ ਸਬੂਤ ਦੇ ਰੂਪ ਵਿੱਚ ਪੇਸ਼ ਕਰੋਗੇ;
  • ਸੁਣਵਾਈ ‘ਤੇ ਉਹਨਾਂ ਨੂੰ ਸਬੂਤਾਂ ਦੇ ਤੌਰ ‘ਤੇ ਕਿਵੇਂ ਪੇਸ਼ ਕਰਨਾ ਹੈ;
  • ਕਿੰਨੀਆਂ ਕਾਪੀਆਂ ਲਿਆਉਣੀਆਂ ਹਨ;
  • ਦਸਤਾਵੇਜ਼ਾਂ ਨੂੰ ਨੰਬਰ ਕੌਣ ਦਿੰਦਾ ਹੈ; ਅਤੇ
  • ਸਫੇ ਦਾ ਅਕਾਰ।

ਜਦੋਂ ਤੁਸੀਂ ਇੱਕ ਦਸਤਾਵੇਜ਼ ਨੂੰ ਸਬੂਤ ਵੱਜੋਂ ਰੱਖਣਾ ਚਾਹੁੰਦੇ ਹੋ ਤਾਂ ਜੋ ਤੁਸੀਂ ਇਸ ਬਾਰੇ ਨਿਰਣਾਇਕ ਨਾਲ ਗੱਲ ਕਰ ਸਕੋ ਤਾਂ ਤੁਹਾਨੂੰ ਹਵਾਲਾ ਦੇਣ ਵਾਲੇ ਦਸਤਾਵੇਜ਼ ਦਾ ਵਰਨਣ ਕਰਨਾ ਚਾਹੀਦਾ ਹੈ ਅਤੇ ਨਿਰਣਾਇਕ ਨੂੰ ਇਸ ‘ਤੇ ਸਬੂਤ ਵੱਜੋਂ ਨਿਸ਼ਾਨ ਲਗਾਉਣ ਲਈ ਕਹਿਣਾ ਚਾਹੀਦਾ ਹੈ। ਮਿਸਾਲ ਦੇ ਤੌਰ ‘ਤੇ ਜੇ ਤੁਸੀਂ ਆਪਣੇ ਕਿਰਾਏਦਾਰੀ ਸਮਝੌਤੇ ਦਾ ਹਵਾਲਾ ਦੇ ਰਹੇ ਹੋ, ਤਾਂ ਕੁਝ ਇਸ ਤਰ੍ਹਾਂ ਕਹੋ: "ਮੇਰਾ ਮਿਸਟਰ ਸਮਿਥ, ਮਕਾਨ ਮਾਲਕ ਅਤੇ ਮੇਰੇ ਵਿਚਾਲੇ ਕਿਰਾਏਦਾਰੀ ਸਮਝੌਤਾ 1 ਮਾਰਚ, 2003 ਨੂੰ ਹੋਇਆ ਹੈ। ਇਹ ਮੇਰੇ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾ ਦੇ ਬਾਂਈਡਰ ਵਿੱਚ ਟੈਬ # 1 ਦੇ ਪਿੱਛੇ ਹੈ। ਮੈਂ ਚਾਹਾਂਗਾ ਕਿ ਕਿਰਾਏਦਾਰੀ ਸਮਝੌਤੇ ‘ਤੇ ਸਬੂਤ ਏ ਵੱਜੋਂ ਨਿਸ਼ਾਨ ਲਗਾਇਆ ਜਾਵੇ।"

ਜੁਬਾਨੀ ਗਵਾਹੀ ਦੇ ਤੌਰ ‘ਤੇ, ਤੁਸੀਂ ਬੇਨਤੀ ਕਰ ਸਕਦੇ ਹੋ ਕਿ ਦਸਤਾਵੇਜ਼ ਨੂੰ ਸਬੂਤ ਦੇ ਤੌਰ ‘ਤੇ ਦਰਜ਼ ਨਾ ਕੀਤਾ ਜਾਵੇ। ਮਿਸਾਲ ਦੇ ਤੌਰ ‘ਤੇ ਤੁਸੀਂ ਦੂਜੀ ਧਿਰ ਵੱਲੋਂ ਤੁਹਾਡੇ ਤੋਂ ਆਏ ਪੱਤਰ ਨੂੰ ਦਰਜ ਕਰਨ ‘ਤੇ ਤੁਸੀਂ ਇਤਰਾਜ ਕਰ ਸਕਦੇ ਹੋ ਜੇ ਤੁਸੀਂ ਇਹ ਮੰਨਦੇ ਹੋ ਕਿ ਇਹ ਝਗੜੇ ਸਬੰਧੀ ਢੁਕਵਾਂ ਨਹੀਂ ਹੈ। ਤੁਸੀਂ ਨਿਰਣਾਇਕ ਨੂੰ ਦੱਸ ਸਕਦੇ ਹੋ ਕਿ ਤੁਸੀਂ ਦਸਤਾਵੇਜ਼ ਨੂੰ ਸਬੂਤ ਵੱਜੋਂ ਦਰਜ ਕਰਨ ‘ਤੇ ਇਤਰਾਜ ਕਰਦੇ ਹੋ ਅਤੇ ਇਹ ਵੀ ਵਿਆਖਿਆ ਕਰਦੇ ਹੋ ਕਿ ਅਜਿਹਾ ਕਿਉਂ ਹੈ। ਜੇ ਨਿਰਣਾਇਕ ਤੁਹਾਡੇ ਨਾਲ ਸਹਿਮਤ ਹੁੰਦਾ ਹੈ, ਤਾਂ ਦਸਤਾਵੇਜ਼ ਨੂੰ ਸਬੂਤ ਦੇ ਰੂਪ ਵਿੱਚ ਸਵੀਕਾਰਿਆ ਨਹੀਂ ਜਾਵੇਗਾ। ਜੇ ਨਿਰਣਾਇਕ ਅਸਹਿਮਤ ਹੁੰਦਾ/ਹੁੰਦੀ ਹੈ ਤਾਂ, ਦਸਤਾਵੇਜ਼ ‘ਤੇ ਸਬੂਤ ਵੱਜੋਂ ਨਿਸ਼ਾਨ ਲਗਾਇਆ ਜਾਵੇਗਾ।

ਅੰਤਮ ਦਲੀਲ
ਤੁਹਾਡੀ ਅੰਤਮ ਦਲੀਲ ਬਹੁਤ ਅਹਿਮ ਹੈ ਕਿਉਂਕਿ ਇਹ ਤੁਹਾਡੇ ਕੇਸ ਨੂੰ ਸਮੇਟਦੀ ਹੈ ਅਤੇ ਇਹ ਵਿਆਖਿਆ ਕਰਦੀ ਹੈ ਕੇਸ ਦਾ ਫੈਸਲਾ ਤੁਹਾਡੇ ਪੱਖ ਵਿੱਚ ਕਿਉਂ ਹੋਣਾ ਚਾਹੀਦਾ ਹੈ। ਜਿੰਨਾ ਸੰਭਵ ਹੋ ਸਕਦੇ, ਤੁਹਾਨੂੰ ਆਪਣੀਆਂ ਅੰਤਮ ਬੇਨਤੀਆਂ ਨੂੰ ਪਹਿਲਾਂ ਤੋਂ ਤਿਆਰ ਕਰ ਲੈਣਾ ਚਾਹੀਦਾ ਹੈ, ਅਤੇ ਉਹਨਾਂ ਵਿੱਚ ਹੇਠ ਲਿਖੇ ਨੁਕਤੇ ਸ਼ਾਮਲ ਹੋਣੇ ਚਾਹੀਦੇ ਹਨ:

  • ਤੁਹਾਡੀ ਗਵਾਹੀ ਦਾ ਸਾਰ ਅਤੇ ਇਹ ਤੁਹਾਡੇ ਕੇਸ ਦਾ ਸਮਰਥਨ ਕਿਵੇਂ ਕਰਦੀ ਹੈ;
  • ਦੂਜੀ ਧਿਰ ਦੀ ਗਵਾਹੀ ਦੀ ਪੜਚੋਲ ਅਤੇ ਇਹ ਕਿਵੇਂ ਉਸ ਦੇ ਕੇਸ ਦਾ ਸਮਰਥਨ ਨਹੀਂ ਕਰਦੀ;
  • ਕਾਨੂੰਨ ਦੀ ਵਿਆਖਿਆ (ਮਤਲਬ ਕਿ ਕਾਨੂੰਨ ਅਤੇ ਹੋਰ ਟ੍ਰਿਬਿਊਨਲ ਦੇ ਫੈਸਲੇ) ਅਤੇ ਇਹ ਤੁਹਾਡੇ ਕੇਸ ਵਿੱਚ ਕਿਵੇਂ ਲਾਗੂ ਹੁੰਦੇ ਹਨ; ਅਤੇ
  • ਉਹ ਫੈਸਲਾ ਜੋ ਤੁਸੀਂ ਚਾਹੋਗੇ ਕਿ ਨਿਰਣਾਇਕ ਕਰੇ।

ਨੋਟ ਕਰੋ: ਤੁਸੀਂ ਆਪਣੀ ਅੰਤਮ ਦਲੀਲ ਵਿੱਚ ਨਵੇਂ ਸਬੂਤ ਪੇਸ਼ ਨਹੀਂ ਕਰ ਸਕਦੇ। ਦੂਜੇ ਸ਼ਬਦਾਂ ਵਿੱਚ ਤੁਹਾਡੇ ਸਾਰੇ ਸਬੂਤ ਲਾਜਮੀ ਤੌਰ ‘ਤੇ ਉਸ ਵੇਲੇ ਪੇਸ਼ ਕਰਨੇ ਚਾਹੀਦੇ ਹਨ ਜਦੋਂ ਤੁਸੀਂ ਸ਼ੁਰੂਆਤੀ ਪੇਸ਼ਕਾਰੀ ਕਰ ਰਹੇ ਹੁੰਦੇ ਹੋ। ਮਿਸਾਲ ਦੇ ਤੌਰ ‘ਤੇ, ਜੇ ਟ੍ਰਿਬਿਊਨਲ ਨੇ ਕਿਰਾਏ ਦੇ ਭੁਗਤਾਨ ਨਾ ਹੋਣ ਬਾਰੇ ਝਗੜੇ ਦਾ ਨਿਪਟਾਰਾ ਕਰਨ ਲਈ ਸੁਣਵਾਈ ਕਰਨੀ ਹੈ ਤਾਂ ਤੁਸੀਂ ਰੱਦ ਕੀਤੇ ਉਸ ਚੈਕ ਨੂੰ ਗਵਾਹੀ ਦੇ ਸਬੂਤ ਦੇ ਤੌਰ ‘ਤੇ ਪੇਸ਼ ਕਰਨ ਦਾ ਫੈਸਲਾ ਕਰ ਸਕਦੇ ਹੋ ਜੋ ਤੁਸੀਂ ਕਿਰਾਏ ਲਈ ਅਦਾ ਕੀਤਾ ਹੈ। ਜੇ ਅਜਿਹਾ ਹੈ, ਇਹ ਲਾਜਮੀ ਤੌਰ ‘ਤੇ ਉਸ ਸਮੇਂ ਪੇਸ਼ ਕਰਨੇ ਚਾਹੀਦੇ ਹਨ ਜਦੋਂ ਤੁਸੀਂ ਆਪਣੇ ਕੇਸ ਦੇ ਸਮਰਥਨ ਵਿੱਚ ਸਬੂਤ ਪੇਸ਼ ਕਰ ਰਹੇ ਹੁੰਦੇ ਹੋ। ਤੁਸੀਂ ਉਸ ਵੇਲੇ ਚੈਕ ਪੇਸ਼ ਨਹੀਂ ਕਰ ਸਕਦੇ ਜਦੋਂ ਜਦੋਂ ਤੁਸੀਂ ਆਪਣੀ ਅੰਤਮ ਦਲੀਲ ਦੇ ਰਹੇ ਹੋਵੇ। ਨਿਰਣਾਇਕ ਆਮ ਤੌਰ ‘ਤੇ ਸੁਣਵਾਈ ਦੇ ਇਸ ਪੜਾਅ ‘ਤੇ ਨਵਾਂ ਸਬੂਤ ਸਵੀਕਾਰ ਨਹੀਂ ਕਰੇਗਾ।

ਸਬੂਤ ਅਤੇ ਦਲੀਲ ਵਿਚਾਲੇ ਅੰਤਰ
ਸਬੂਤ ਅਤੇ ਦਲੀਲ ਵਿੱਚ ਅੰਤਰ ਨੂੰ ਸਮਝਣਾ ਬਹੁਤ ਅਹਿਮ ਹੈ। ਸਬੂਤ ਤੁਹਾਡੇ ਕੇਸ ਦੇ ਤੱਥਾਂ ਦਾ ਸਮਰਥਨ ਕਰਦਾ ਹੈ। ਸਬੂਤ ਇੱਕ ਭੌਤਿਕ ਵਸਤੂ ਹੋ ਸਕਦਾ ਹੈ (ਇੱਕ ਦਸਤਾਵੇਜ਼ ਵਾਂਗ) ਜਾਂ ਜੁਬਾਨੀ ਗਵਾਹੀ (ਤੁਹਾਡੀ ਆਪਣੀ ਜਾਂ ਇੱਕ ਗਵਾਹ ਦੀ)। ਦਲੀਲ ਇੱਕ ਅਜਿਹੀ ਬੇਨਤੀ ਹੈ ਜੋ ਤੁਸੀਂ ਕੇਸ ਦੇ ਆਖਰ ਵਿੱਚ ਨਿਰਣਾਇਕ ਨੂੰ ਤੁਹਾਡੇ ਹੱਕ ਵਿੱਚ ਫੈਸਲਾ ਕਰਨ ਲਈ ਮਨਾਉਣ ਵਾਸਤੇ ਕਰਦੇ ਹੋ। ਤੁਸੀਂ ਜਦੋਂ ਸੁਣਵਾਈ ਦੇ ਆਖਰ ਵਿੱਚ ਬੇਨਤੀਆਂ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਨਵੇਂ ਸਬੂਤ ਪੇਸ਼ ਨਹੀਂ ਕਰ ਸਕਦੇ। ਇਹ ਚੰਗਾ ਸੁਝਾਅ ਹੈ ਕਿ ਪਹਿਲੇ ਕਦਮਾਂ ਵਿੱਚ ਸਬੂਤ ਬਾਰੇ ਜਾਣਕਾਰੀ ਦੀ ਪੜਚੋਲ ਕਰ ਲਈ ਜਾਵੇ।

ਤੁਸੀਂ ਅਤੇ ਤੁਹਾਡੇ ਗਵਾਹ, ਕੋਈ ਵੀ, ਸੁਣਵਾਈ ਦੇ ਪਹਿਲੇ ਹਿੱਸੇ ਵਿੱਚ ਸਬੂਤ ਪੇਸ਼ ਕਰਦੇ ਹਨ। ਯਾਦ ਰੱਖੋ ਤੁਹਾਡਾ ਗਵਾਹ ਗਵਾਹੀ ਦੇਣ ਦੇ ਉਦੇਸ਼ ਨਾਲ ਉੱਥੇ ਹੈ ਨਾ ਕਿ ਤੁਹਾਡੇ ਹੱਕ ਵਿੱਚ ਫੈਸਲਾ ਕਰਨ ਲਈ ਨਿਰਣਾਇਕ ਨੂੰ ਮਨਾਉਣ ਵਾਸਤੇ ਬਹਿਸ ਕਰਨ ਲਈ। ਇਸ ਲਈ, ਮਿਸਾਲ ਦੇ ਤੌਰ ‘ਤੇ, ਨਿਰਣਾਇਕ ਨੂੰ ਇਹ ਦਸਣ ਤੋਂ ਬਾਅਦ ਕਿ ਉਸ ਨੇ ਤੁਹਾਨੂੰ ਕਿਰਾਏ ਦਾ ਚੈਕ ਦਿੰਦਿਆਂ ਦੇਖਿਆ, ਤੁਹਾਡੇ ਗਵਾਹ ਨੂੰ ਅੱਗੇ ਇਹ ਨਹੀਂ ਕਹਿਣਾ ਚਾਹੀਦਾ ਕਿ ਮਕਾਨ ਖਾਲੀ ਕਰਨ ਦਾ ਨੋਟਿਸ ਦੇ ਕੇ ਨਾਮੁਨਾਸਬ ਢੰਗ ਨਾਲ ਕੰਮ ਕਰ ਰਿਹਾ ਹੈ। ਅਜਿਹੇ ਕਿਸਮ ਦੇ ਬਿਆਨ ਗਵਾਹੀਆਂ ਨਹੀਂ ਹਨ - ਇਹ ਬੇਨਤੀਆਂ ਹਨ ਜਿਹੜੀਆਂ ਤੁਹਾਨੂੰ (ਤੁਹਾਡੇ ਗਵਾਹਾਂ ਨੂੰ ਨਹੀਂ) ਸਬੂਤ ਪੇਸ਼ ਕਰਨ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ।

ਸੁਣਵਾਈ ਤੋਂ ਬਾਅਦ
ਨਿਰਣਾਇਕ ਸੁਣਵਾਈ ਦੇ ਆਖਰ ਵਿੱਚ ਤੁਹਾਨੂੰ ਜੁਬਾਨੀ ਫੈਸਲਾ ਦੇ ਕੇ ਫੈਸਲਾ ਸੁਣਾ ਸਕਦਾ ਹੈ ਅਤੇ ਤੁਹਾਨੂੰ ਇਸ ਬਾਰੇ ਦਸ ਸਕਦਾ ਹੈ ਕਿ ਮਾਮਲੇ ਬਾਰੇ ਫੈਸਲਾ ਕਿਵੇਂ ਕੀਤਾ ਗਿਆ। ਬਦਲ ਦੇ ਤੌਰ ‘ਤੇ, ਨਿਰਣਾਇਕ ਦੱਸ ਸਕਦਾ/ਸਕਦੀ ਹੈ ਕਿ ਉਹ ਕਿਸ ਤਰ੍ਹਾਂ ਮਗਰੋਂ ਫੈਸਲਾ ਕਰੇਗਾ ਅਤੇ ਟ੍ਰਿਬਿਊਨਲ ਰਜਿਸਟਰੀ ਤੁਹਾਨੂੰ ਲਿਖਤੀ ਫੈਸਲਾ ਡਾਕ ਰਾਹੀਂ ਭੇਜੇਗੀ।

ਕੀ ਹੁੰਦਾ ਹੈ ਜੇ ਤੁਸੀਂ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ?
ਜੇ ਤੁਸੀਂ ਆਪਣੇ ਕੇਸ ਵਿੱਚ ਨਿਰਣਾਇਕ ਦੇ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ, ਤੁਸੀਂ ਕਈ ਵਾਰ ਫੈਸਲੇ ਦੀ ਪੜਚੋਲ ਕਰਵਾ ਸਕਦੇ ਹੋ। ਕਈ ਟ੍ਰਿਬਿਊਨਲ, ਜਿਵੇਂ ਕਿ ਵਰਕਸੇਫ ਬੀਸੀ (WorkSafe BC), ਦੀ ਆਪਣੀ ਅੰਦਰੂਲੀ ਪੜਚੋਲ ਪ੍ਰਕਿਰਿਆ ਹੈ, ਜਿਸ ਤੋਂ ਬਾਅਦ ਇੱਕ ਨਿਰਪੱਖ ਟ੍ਰਿਬਿਊਨਲ, ਜਿਸ ਨੂੰ ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ ਕਿਹਾ ਜਾਂਦਾ ਹੈ, ਕੋਲ ਅਪੀਲ ਹੁੰਦੀ ਹੈ।

ਕੁਝ ਟ੍ਰਿਬਿਊਨਲ ਦੇ ਫੈਸਲਿਆਂ ਦੀ ਅਪੀਲ "ਨਿਆਂਇਕ ਪੜਚੋਲ" ਨਾਮਕ ਪ੍ਰਕਿਰਿਆ ਰਾਹੀਂ ਅਦਾਲਤਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਤੱਥ ਤਾਂ ਇਹ ਹੈ ਕਿ ਸਿਰਫ ਇਹ ਕਾਰਨ ਕਿ ਤੁਸੀਂ ਨਿਰਣਾਇਕ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤੁਹਾਨੂੰ ਅਦਾਲਤ ਦੁਆਰਾ ਪੜਚੋਲ ਦਾ ਹੱਕਦਾਰ ਨਹੀਂ ਬਣਾਉਂਦਾ- ਤੁਹਾਨੂੰ ਲਾਜਮੀ ਤੌਰ ‘ਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਨਿਰਣਾਇਕ ਦੀ ਪ੍ਰਕਿਰਿਆ ਵਿੱਚ ਤਰੁੱਟੀਆਂ ਸਨ ਜਾਂ ਨਿਰਣਾਇਕ ਨੇ ਕਾਨੂੰਨ, ਅਧਿਕਾਰਖੇਤਰ, ਜਾਂ ਨਿਰਪੱਖਤਾ ਵਿੱਚ ਗਲਤੀ ਕੀਤੀ ਹੈ।

ਜਸਟਿਸ ਐਜੂਕੇਸ਼ਨ ਸੋਸਾਇਟੀ ਨੇ ਜੁਡੀਸ਼ੀਅਲ ਰਿਵਿਊ ਗਾਈਡਬੁੱਕ ਪ੍ਰਕਾਸ਼ਤ ਕੀਤੀ ਹੈ ਜੋ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਦੀ ਹੈ। ਤੁਸੀਂ ਸੁਪਰੀਮ ਕੋਰਟ ਸੈਲਫ ਹੈਲਪ ਵੈਬਸਾਈਟ ਵਿਖੇ ਨਿਆਂਇਕ ਪੜਚੋਲ ਬਾਰੇ ਹੋਣ ਜਾਣ ਸਕਦੇ ਹੋ।