तैयारी कैसै करै के लिए

Home > तैयारी कैसै करै के लिए
Share/Save/Bookmark print page
ਪਹਿਲੇ ਕਦਮ

ਪਹਿਲੇ ਕਦਮ

ਟ੍ਰਿਬਿਊਨਲ ਆਪਣੇ ਖੁਦ ਦੇ ਨਿਯਮ ਸਮੂਹਾਂ ਦੀ ਪਾਲਣਾ ਕਰਦੇ ਹਨ
ਜਦ ਕਿ ਅਦਾਲਤਾਂ ਦੇ ਮਿਆਰੀ ਨਿਯਮ ਸਮੂਹ ਹੁੰਦੇ ਹਨ ਜੋ ਸਾਰੀਆਂ ਅਦਾਲਤੀ ਕਾਰਵਾਈਆਂ ਨੂੰ ਚਲਾਉਂਦੇ ਹਨ, ਟ੍ਰਿਬਿਊਨਲਾਂ ਦੀ ਸਥਾਪਨਾ ਬਹੁਤ ਹੀ ਵੱਖਰੇ ਅਤੇ ਖਾਸ ਵਿਸ਼ਿਆਂ ਬਾਰੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਕੀਤੀ ਜਾਂਦੀ ਹੈ। ਇਸ ਕਾਰਨ, ਹਰੇਕ ਟ੍ਰਿਬਿਊਨਲ ਆਪਣੇ ਖੁਦ ਦੇ ਨਿਯਮ ਸਮੂਹਾਂ ਅਤੇ ਕਾਰਜ-ਪ੍ਰਕਿਰਿਆਵਾਂ ਦੀ ਪਾਲਣਾ ਕਰਦਾ ਹੈ।

ਸਭ ਤੋਂ ਪਹਿਲਾਂ ਕੀ ਵਾਪਰਦਾ ਹੈ?
ਟ੍ਰਿਬਿਊਨਲਾਂ ਦੀ ਸਥਾਪਨਾ ਝਗੜਿਆਂ ਦਾ ਨਿਪਟਾਰਾ ਕਰਨ ਜਾਂ ਤੁਹਾਡੇ ਅਧਿਕਾਰਾਂ ਅਤੇ ਬੈਨਿਫਿਟਾਂ ਦਾ ਨਿਰਧਾਰਣ ਕਰਨ ਲਈ ਕੀਤੀ ਜਾਂਦੀ ਹੈ। ਨਿਰਣਾਇਕ ਵੱਲੋਂ ਫੈਸਲਾ ਲੈਣ ਜਾਂ ਤੁਹਾਡੇ ਕੇਸ ਦੀ ਸੁਣਵਾਈ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਵਾਪਰਨਗੀਆਂ। ਜ਼ਿਆਦਾਤਰ ਟ੍ਰਿਬਿਊਨਲ ਤੁਹਾਡੇ ਝਗੜੇ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਕੋਸ਼ਿਸ਼ ਵਿੱਚ ਜਾਂ ਤੁਹਾਡੇ ਅਧਿਕਾਰਾਂ ਦਾ ਨਿਰਧਾਰਣ ਕਰਨ ਲਈ ਹੇਠਾਂ ਦਿੱਤੇ ਕੁਝ ਜਾਂ ਸਾਰੇ ਕਦਮ ਚੁੱਕਣਗੇ। ਇਹ ਪਤਾ ਲਗਾਉਣ ਲਈ ਆਪਣੇ ਟ੍ਰਿਬਿਊਨਲ ਦੀ ਵੈਬਸਾਈਟ ਦਾ ਜਾਂਚ ਕਰੋ ਕਿ ਝਗੜਾ ਨਿਪਟਾਉਣ ਦੀ ਪ੍ਰਕਿਰਿਆ ਵਿੱਚ ਕਿਹੜੇ ਕਦਮ ਚੁੱਕੇ ਜਾਣਗੇ।

ਮੁਢਲੀਆਂ ਪੜਚੋਲਾਂ
ਇੱਕ ਸੀਨੀਅਰ ਟ੍ਰਿਬਿਊਨਲ ਸਟਾਫ ਮੈਂਬਰ ਜਾਂ ਕੋਈ ਇੱਕ ਟ੍ਰਿਬਿਊਨਲ ਮੈਂਬਰ ਆਮ ਤੌਰ ‘ਤੇ ਤੁਹਾਡੇ ਕੇਸ ਦੀ ਮੁਢਲੀ ਪੜਚੋਲ ਕਰਦਾ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਕੇਸ ਸਹੀ ਟ੍ਰਿਬਿਊਨਲ ਕੋਲ ਹੈ ਅਤੇ ਇਹ ਸਹੀ ਸਮੇਂ ਦੀ ਹੱਦ ਦੇ ਅੰਦਰ ਹੈ। ਸ਼ੁਰੂਆਤੀ ਪੜਚੋਲ ਦੇ ਪੜਾਅ ਦੌਰਾਨ, ਇੱਕ ਨਿਰਣਾਇਕ ਤੁਹਾਨੂੰ ਹੋਰ ਜਾਣਕਾਰੀ ਦੀ ਬੇਨਤੀ ਕਰਨ ਲਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ।

ਝਗੜੇ ਦਾ ਬਦਲਵਾਂ ਨਿਪਟਾਰਾ
ਕੇਸ ਪ੍ਰਬੰਧਨ
ਸਾਰੇ ਝਗੜਿਆਂ ਦਾ ਫੈਸਲਾ ਟ੍ਰਿਬਿਊਨਲ ਦੀ ਸੁਣਵਾਈ ਦੌਰਾਨ ਨਹੀਂ ਕਰਨਾ ਹੁੰਦਾ - ਕਈ ਝਗੜਿਆਂ ਦਾ ਨਿਪਟਾਰਾ ਉਸ ਪੜਾਅ ‘ਤੇ ਪਹੁੰਚਣ ਤੋਂ ਕਾਫੀ ਸਮਾਂ ਪਹਿਲਾਂ ਹੀ ਕਰ ਲਿਆ ਜਾਂਦਾ ਹੈ। ਨਿਰਣਾਇਕ ਇਹ ਪਤਾ ਲਗਾਉਣ ਲਈ ਕੇਸ ਪ੍ਰਬੰਧਨ ਤਕਨੀਕਾਂ ਦਾ ਇਸਤੇਮਾਲ ਕਰ ਸਕਦਾ ਹੈ ਕਿ ਕੀ ਮਾਮਲੇ ਦਾ ਨਿਪਟਾਰਾ ਬਗੈਰ ਸੁਣਵਾਈ ਦੇ ਕੀਤਾ ਜਾ ਸਕਦਾ ਹੈ। ਮਿਸਾਲ ਦੇ ਤੌਰ ‘ਤੇ, ਕੋਈ ਟ੍ਰਿਬਿਊਨਲ ਮੈਂਬਰ ਧਿਰਾਂ ਦੇ ਨਾਲ ਇੱਕ ਟੈਲੀਫੋਨ ਕਾਨਫਰੰਸ ਦਾ ਇੰਤਜਾਮ ਕਰ ਸਕਦਾ ਹੈ ਤਾਂ ਜੋ ਉਹ ਝਗੜੇ ਵਾਲੇ ਮੁੱਦਿਆਂ, ਉਹ ਸਬੂਤ ਜਿਹੜੇ ਧਿਰਾਂ ਨੇ ਆਪਣੇ ਦਾਅਵਿਆਂ ਦੇ ਸਮਰਥਨ ਲਈ ਇੱਕਠੇ ਕੀਤੇ ਹਨ, ਅਤੇ ਉਸ ਸੂਰਤ ਵਿੱਚ ਕੇਸ ਅੱਗੇ ਕਿਵੇਂ ਵਧੇਗਾ ਜੇ ਇਸ ਦਾ ਨਿਪਟਾਰਾ ਇਸ ਪੜਾਅ ‘ਤੇ ਨਹੀਂ ਕੀਤਾ ਜਾਂਦਾ, ਬਾਰੇ ਸਮਝ ਸਕੇ। ਟ੍ਰਿਬਿਊਨਲ ਮੈਂਬਰ ਇਹ ਹੁਕਮ ਕਰ ਸਕਦਾ ਹੈ ਕਿ ਧਿਰਾਂ ਝਗੜੇ ਦਾ ਨਿਪਟਾਰਾ ਕਰਨ ਵਿੱਚ ਮਦਦ ਲਈ ਦਸਤਾਵੇਜ਼ਾਂ ਅਤੇ ਹੋਰ ਜਾਣਕਾਰੀ ਦਾ ਵਟਾਂਦਰਾ ਕਰਨ।

ਟ੍ਰਿਬਿਊਨਲ ਕਈ ਵਾਰੀ ਧਿਰਾਂ ਲਈ ਸੈਟਲਮੈਂਟ (ਨਿਪਟਾਰੇ ਵਾਲੀ) ਕਾਨਫਰੰਸ ਜਾਂ ਵਿਚੋਲਗੀ ਸੈਸ਼ਨ ਵਿੱਚ ਹਾਜ਼ਰ ਹੋਣ ਲਈ ਇੰਤਜਾਮ ਕਰੇਗਾ। ਆਮ ਤੌਰ ‘ਤੇ ਟੈਲੀਫੋਨ ਦੀ ਬਜਾਏ ਵਿਅਕਤੀਗਤ ਰੂਪ ਵਿੱਚ ਕਰਵਾਏ ਗਏ, ਇਹ ਅਜਲਾਸ ਇਸ ਬਾਰੇ ਆਪਸੀ ਤਸੱਲੀਬਖਸ਼ ਸਮਝੌਤੇ ‘ਤੇ ਪਹੁੰਚਣ ਵਿੱਚ ਮਦਦ ਕਰਦੇ ਹਨ ਕਿ ਖਰਚ ਜਾਂ ਟ੍ਰਿਬਿਊਨਲ ਦੀ ਸੁਣਵਾਈ ਦੇ ਦਬਾਅ ਬਗੈਰ ਕਿਵੇਂ ਝਗੜੇ ਦਾ ਨਿਪਟਾਰਾ ਕਰਨਾ ਹੈ।

ਵਿਚੋਲਗੀ (Mediation)

ਟ੍ਰਿਬਿਊਨਲ ਕਈ ਵਾਰੀ ਪੂਰੀ ਸੁਣਵਾਈ ਤੋਂ ਬਗੈਰ ਝਗੜੇ ਦੇ ਨਿਪਟਾਰੇ ਦੀ ਕੋਸ਼ਿਸ਼ ਲਈ ਵਿਚੋਲਗੀ ਲਾਗੂ ਕਰਦਾ ਹੈ। ਕੁਝ ਕੇਸਾਂ ਵਿੱਚ ਧਿਰਾਂ ਕੋਲ ਵਿਚੋਲਗੀ ਦੀ ਚੋਣ ਕਰਨ ਦਾ ਬਦਲ ਹੁੰਦਾ ਹੈ।

ਵਿਚੋਲਗੀ ਉਸ ਨਿਪਟਾਰੇ ਦੀ ਗੱਲਬਾਤ ਦੇ ਮਕਸਦ ਨਾਲ ਧਿਰਾਂ ਵਿਚਾਲੇ ਇੱਕ ਮੁਲਾਕਾਤ ਹੈ ਜੋ ਦੋਹਾਂ ਧਿਰਾਂ ਨੂੰ ਸਵੀਕਾਰਨਯੋਗ ਹੈ। ਵਿਚੋਲਗੀ ਰਾਹੀਂ ਨਿਪਟਾਰੇ ਦਾ ਫਾਇਦਾ ਇਹ ਹੈ ਕਿ ਧਿਰਾਂ ਕਿਸੇ ਵੀ ਉਸ ਤਰੀਕੇ ਨਾਲ ਮਾਮਲੇ ਦਾ ਨਿਪਟਾਰਾ ਕਰ ਸਕਦੀ ਹੈ ਜੋ ਉਹਨਾਂ ਲਈ ਸਵੀਕਾਰਨਯੋਗ ਹੈ, ਜੋ ਕਿ ਉਸ ਜਿੱਤ-ਹਾਰ ਦੇ ਨਿਪਟਾਰੇ ਦੇ ਉਲਟ ਹੈ ਜੋ ਕਿ ਇੱਕ ਨਿਰਣਾਇਕ ਲਾਗੂ ਕਰ ਸਕਦਾ ਹੈ। ਵਿਚੋਲਗੀ ਸੈਸ਼ਨ ਦੇ ਵਿਚਾਰ-ਵਟਾਂਦਰੇ ਗੁਪਤ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਕਿਸੇ ਹੋਰ ਨੂੰ ਪਤਾ ਨਹੀਂ ਹੋਵੇਗਾ ਕਿ ਕੀ ਵਿਚਾਰਿਆ ਗਿਆ ਸੀ। ਸਾਲਸੀ (ਵਿਚੋਲਾ) ਇੱਕ ਨਿਰਪੱਖ ਵਿਅਕਤੀ (ਅਕਸਰ ਇੱਕ ਸੀਨੀਅਰ ਸਟਾਫ ਮੈਂਬਰ ਜਾਂ ਇੱਕ ਟ੍ਰਿਬਿਊਨਲ ਮੈਂਬਰ) ਹੁੰਦਾ ਹੈ ਜੋ ਆਮ ਸਹਿਮਤੀ ‘ਤੇ ਪੁੱਜਣ ਲਈ ਧਿਰਾਂ ਦੇ ਨਾਲ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਦਾ ਹੈ। ਜੇ ਧਿਰਾਂ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਪਾਉਂਦੀਆਂ ਤਾਂ, ਮਾਮਲਾ ਸੁਣਵਾਈ ਵੱਲ ਵੱਧ ਸਕਦਾ ਹੈ।

ਸੈਟਲਮੈਂਟ ਕਾਨਫਰੰਸ

ਇੱਕ ਨਿਰਪੱਖ ਟ੍ਰਿਬਿਊਨਲ ਮੈਂਬਰ ਸੈਟਲਮੈਂਟ ਕਾਨਫਰੰਸ ਨੂੰ ਚਲਾਉਂਦਾ ਹੈ, ਪਰ ਉਹ ਵਿਚਾਰ-ਵਟਾਂਦਰਿਆਂ ਵਿੱਚ ਸਰਗਰਮ ਭੂਮਿਕਾ ਨਿਭਾ ਸਕਦਾ/ਸਕਦੀ ਹੈ ਅਤੇ ਇਸ ਬਾਰੇ ਗੈਰ-ਬੰਧੇਜ ਵਾਲੀ ਰਾਏ ਦੀ ਪੇਸ਼ਕਸ਼ ਕਰ ਸਕਦਾ ਹੈ ਕਿ ਜੇ ਧਿਰਾਂ ਸੁਣਵਾਈ ਵੱਲ ਅੱਗੇ ਵਧਦੀਆਂ ਹਨ ਤਾਂ ਕੀ ਨਤੀਜਾ ਹੋ ਸਕਦਾ ਹੈ। ਗੈਰ-ਬੰਧੇਜ ਦਾ ਮਤਲਬ ਹੈ ਕਿ ਰਾਏ ਤੁਹਾਡੇ ‘ਤੇ ਥੋਪੀ ਨਹੀਂ ਜਾਵੇਗੀ। ਸੈਟਲਮੈਂਟ ਕਾਨਫਰੰਸਾਂ ਗੁਪਤ ਹੁੰਦੀਆਂ ਹਨ ਅਤੇ ਜੇ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ, ਤਾਂ ਕਾਨਫਰੰਸ ਵਿੱਚ ਵਿਚਾਰੇ ਗਏ ਮਾਮਲੇ ਮਗਰੋਂ ਹੋਣ ਵਾਲੀ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਨਹੀਂ ਉਠਾਏ ਜਾ ਸਕਦੇ। ਵਿਚੋਲਗੀ ਅਜਲਾਸ ਦੀ ਬਜਾਏ ਇੱਕ ਸੈਟਲਮੈਂਟ ਕਾਨਫਰੰਸ ਕਰਵਾਈ ਜਾ ਸਕਦੀ ਹੈ ਜਿੱਥੇ ਟ੍ਰਿਬਿਊਨਲ ਦੀ ਇਹ ਯਕੀਨੀ ਬਣਾਉਣ ਦੀ ਡਿਊਟੀ ਹੁੰਦੀ ਹੈ ਕਿ ਕੋਈ ਵੀ ਸਮਝੋਤਾ ਉਸ ਵਿਧਾਨਕ ਸਕੀਮ ਦੇ ਮੁਤਾਬਕ ਹੋਵੇ ਜੋ ਦਾਅਵੇ ਅਤੇ ਝਗੜੇ ਨੂੰ ਨਿਯੰਤਰਤ ਕਰਦਾ ਹੈ।

ਟ੍ਰਿਬਿਊਨਲ ਦੀਆਂ ਸੁਣਵਾਈਆਂ
ਜੇ ਧਿਰਾਂ ਸਹਿਮਤ ਨਹੀਂ ਹੋ ਸਕਦੀਆਂ ਕਿ ਕੇਸ ਪ੍ਰਬੰਧਨ ਪ੍ਰਕਿਰਿਆ ਦੌਰਾਨ ਝਗੜੇ ਦਾ ਨਿਪਟਾਰਾ ਕਿਵੇਂ ਕਰਨਾ ਹੈ, ਤਾਂ ਇੱਕ ਨਿਰਣਾਇਕ ਸੁਣਵਾਈ ਕਰ ਸਕਦਾ ਹੈ ਅਤੇ ਫੈਸਲਾ ਦੇ ਸਕਦਾ ਹੈ। ਸਾਰੀਆਂ ਟ੍ਰਿਬਿਊਨਲ ਸੁਣਵਾਈਆਂ ਵਿਅਕਤੀਗਤ ਰੂਪ ਵਿੱਚ ਨਹੀਂ ਹੁੰਦੀਆਂ। ਕਈ ਸੁਣਵਾਈਆਂ ਟੈਲੀਫੋਨ ਉਪਰ ਜਾਂ ਲਿਖਤੀ ਬੇਨਤੀਆਂ ਦੇ ਕੇ ਕੀਤੀਆਂ ਜਾਂਦੀਆਂ ਹਨ। ਕਈ ਵਾਰੀ ਟ੍ਰਿਬਿਊਨਲ ਵੀਡੀਓਕਾਨਫੰਰਸ ਦੁਆਰਾ ਕੀਤੀ ਸੁਣਵਾਈ ਦਾ ਇੰਤਜਾਮ ਕਰੇਗਾ ਤਾਂ ਜੋ ਤੁਹਾਨੂੰ ਸੁਣਵਾਈ ਵਿੱਚ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਲਈ ਲੰਬਾ ਸਫਰ ਤੈਅ ਨਾ ਕਰਨਾ ਪਏ।

ਇਹ ਕਿਸ ਤਰ੍ਹਾਂ ਦੀ ਸੁਣਵਾਈ ਹੋਵੇਗੀ?

ਟ੍ਰਿਬਿਊਨਲ ਤੁਹਾਨੂੰ ਸੂਚਿਤ ਕਰੇਗਾ ਕਿ ਤੁਹਾਡੀ ਕਿਸ ਤਰ੍ਹਾਂ ਦੀ ਸੁਣਵਾਈ ਹੋਵੇਗੀ- ਲਿਖਤੀ ਬੇਨਤੀ ਰਾਹੀਂ, ਵੀਡੀਓਕਾਨਫਰੰਸ ਰਾਹੀਂ, ਟੈਲੀਫੋਨ ਉਪਰ, ਜਾਂ ਵਿਅਕਤੀਗਤ ਰੂਪ ਵਿੱਚ। ਟ੍ਰਿਬਿਊਨਲ ਇਸ ਸੂਚਨਾ ਨੂੰ ਆਪਣੀ ਵੈਬਸਾਈਟ ‘ਤੇ ਪੋਸਟ ਕਰ ਸਕਦਾ ਹੈ ਜਾਂ ਇਹ ਸੂਚਨਾ ਦੇਣ ਲਈ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਕੁਝ ਟ੍ਰਿਬਿਊਨਲ ਤੁਹਾਨੂੰ ਇਹ ਚੋਣ ਕਰਨ ਦੇਣਗੇ ਕਿ ਤੁਸੀਂ ਕਿਸ ਤਰ੍ਹਾਂ ਦੀ ਸੁਣਵਾਈ ਕਰਵਾਉਣਾ ਚਾਹੋਗੇ।

ਜੇ ਤੁਹਾਨੂੰ ਮਦਦ ਦੀ ਲੋੜ ਹੈ
ਅਦਾਲਤਾਂ ਦੀ ਬਜਾਏ ਟ੍ਰਿਬਿਊਨਲ ਘੱਟ ਰਸਮੀ ਤੌਰ ‘ਤੇ ਕਾਇਮ ਕੀਤੇ ਜਾਂਦੇ ਹਨ ਅਤੇ ਇਹਨਾਂ ਦੀਆਂ ਕਾਰਜ-ਪ੍ਰਕਿਰਿਆਵਾਂ ਆਮ ਤੌਰ ‘ਤੇ ਐਨੀਆਂ ਸੁਖਾਲੀਆਂ ਹੁੰਦੀਆਂ ਹਨ ਕਿ ਇਹਨਾਂ ਦੀ ਪਾਲਣਾ ਆਪਣੇ ਆਪ ਕੀਤੀ ਜਾ ਸਕਦੀ ਹੈ। ਜੇ ਤੁਹਾਨੂੰ ਮਦਦ ਦੀ ਲੋੜ ਹੈ, ਵਕੀਲ ਨਾਲ ਗੱਲਬਾਤ ਕਰਨ ਬਾਰੇ ਵਿਚਾਰ ਕਰੋ ਜੋ ਤੁਹਾਨੂੰ ਮੁੱਦਿਆਂ ਦੀ ਵਿਆਖਿਆ ਕਰੇਗਾ ਜਾਂ ਸੁਣਵਾਈ ‘ਤੇ ਤੁਹਾਡੀ ਪ੍ਰਤੀਨਿਧਤਾ ਕਰੇਗਾ। ਕਈ ਸੰਸਥਾਵਾਂ ਕੁਝ ਪ੍ਰਸ਼ਾਸਨਿਕ ਕਾਨੂੰਨੀ ਮਾਮਲਿਆਂ ਬਾਰੇ ਮੁਫਤ (ਪਰੋ ਬੋਨੋ) ਕਾਨੂੰਨੀ ਸਲਾਹ ਮੁਹੱਈਆ ਕਰਵਾਉਂਦੀਆਂ ਹਨ। ਉਸ ਟ੍ਰਿਬਿਊਨਲ ਲਈ ਵੈਬਸਾਈਟ ਲਿੰਕ ਜਾਂ ਸੰਪਰਕ ਜਾਣਕਾਰੀ, ਜੋ ਤੁਹਾਡੀ ਦਿਲਚਸਪੀ ਦੀ ਹੈ, ਬਾਰੇ ਪਤਾ ਲਗਾਉਣ ਲਈ ਬੀਸੀ ਐਡਮਿਨ ਲਾਅ ਡਾਇਰੈਕਟਰੀ ਦੇਖੋ।

ਕੁਝ ਟ੍ਰਿਬਿਊਨਲ, ਜਿਵੇਂ ਕਿ ਕਰਮਚਾਰੀਆਂ ਦੇ ਮੁਆਵਜੇ ਲਈ ਅਪੀਲ ਦਾ ਟ੍ਰਿਬਿਊਨਲ (ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ - WCAT), ਉਹਨਾਂ ਕਰਮਚਾਰੀਆਂ ਨੂੰ ਮੁਫਤ ਸਹਾਇਤਾ ਮੁਹੱਈਆ ਕਰਦੇ ਹਨ ਜੋ ਝਗੜੇ ਵਿੱਚ ਸ਼ਾਮਲ ਹੁੰਦੇ ਹਨ। ਤੁਸੀਂ ਸਹਾਇਤਾ ਲਈ ਡਬਲਿਊਸੀਏਟੀ ਨੂੰ ਕਾਲ ਕਰ ਸਕਦੇ ਹੋ, ਜਾਂ ਉਹ ਤੁਹਾਨੂੰ ਕਰਮਚਾਰੀਆਂ ਦੇ ਸਲਾਹਕਾਰ ਕੋਲ ਭੇਜ ਸਕਦੇ ਹਨ ਜੋ ਤੁਹਾਨੂੰ ਉਹਨਾਂ ਨੀਤੀਆਂ ਅਤੇ ਕਾਰਜ-ਪ੍ਰਕਿਰਿਆਵਾਂ ਬਾਰੇ ਵਿਆਖਿਆ ਕਰੇਗਾ ਜਿਹਨਾਂ ਦੀ ਤੁਸੀਂ ਪਾਲਣਾ ਕਰਨੀ ਹੈ, ਤੁਹਾਡੇ ਦਾਅਵਿਆਂ ਬਾਰੇ ਜਾਣਕਾਰੀ ਦਿੰਦਾ ਹੈ, ਅਤੇ ਕਈ ਵਾਰੀ ਤੁਹਾਡੀ ਅਪੀਲ ਦੌਰਾਨ ਤੁਹਾਡੀ ਪ੍ਰਤੀਨਿਧਤਾ ਕਰਦਾ ਹੈ। ਇਸੇ ਤਰ੍ਹਾਂ ਦੀ ਸੇਵਾ ਰੁਜ਼ਗਾਰਦਾਤਾਵਾਂ ਲਈ ਵੀ ਉਪਲਭਧ ਹੈ। ਸਾਰੇ ਕੇਸਾਂ ਵਿੱਚ ਇਹ ਟ੍ਰਿਬਿਊਨਲ ਨੂੰ ਇਹ ਪੁੱਛਣਾ ਚੰਗਾ ਸੁਝਾਅ ਹੈ ਕਿ ਇਹ ਕਿਸ ਤਰ੍ਹਾਂ ਦੀ ਮਦਦ ਮੁਹੱਈਆ ਕਰਵਾ ਸਕਦਾ ਹੈ।

ਜੇ ਤੁਹਾਨੂੰ ਇੱਕ ਦੁਭਾਸ਼ੀਏ ਦੀ ਲੋੜ ਹੈ
ਜੇ ਤੁਹਾਨੂੰ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਵਿੱਚ ਮੁਸ਼ਕਲ ਹੈ, ਤੁਹਾਨੂੰ ਸੁਣਵਾਈ ਤੋਂ ਕਾਫੀ ਸਮਾਂ ਪਹਿਲਾਂ ਟ੍ਰਿਬਿਊਨਲ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਨੂੰ ਇੱਕ ਦੁਭਾਸ਼ੀਏ ਦੀ ਲੋੜ ਹੈ। ਟ੍ਰਿਬਿਊਨਲ ਦੇ ਸੁਣਵਾਈ ਲਈ ਦੁਭਾਸ਼ੀਏ ਨੂੰ ਲਿਆਉਣ ਬਾਰੇ ਆਪਣੇ ਨਿਯਮ ਹੋ ਸਕਦੇ ਹਨ ਅਤੇ ਇਸ ਲਈ ਜਰੂਰੀ ਹੋ ਸਕਦਾ ਹੈ ਕਿ ਤੁਸੀਂ ਇੱਕ ਯੋਗਤਾ ਪ੍ਰਾਪਤ ਦੁਭਾਸ਼ੀਏ ਦੀ ਵਰਤੋਂ ਕਰੋ ਜਿਸ ਨੂੰ ਉਹਨਾਂ ਨੇ ਸੇਵਾਵਾਂ ਲਈ ਪ੍ਰਵਾਨਗੀ ਦਿੱਤੀ ਹੋਈ ਹੈ।

ਟ੍ਰਿਬਿਊਨਲ ਦੀ ਵੈਬਸਾਈਟ ਤੇ ਜਾਣਕਾਰੀ ਲੱਭਣਾ
ਹਰੇਕ ਟ੍ਰਿਬਿਊਨਲ ਦੀ ਵੈਬਸਾਈਟ ਅਹਿਮ ਜਾਣਕਾਰੀ ਬਾਰੇ ਦਸਦੀ ਹੈ:

  • ਵਿਧਾਨ (ਕਾਨੂੰਨ ਜਿਹੜਾ ਤੁਹਾਡੇ ਕੇਸ ਵਿੱਚ ਲਾਗੂ ਹੁੰਦਾ ਹੈ);
  • ਨਿਯਮ (ਟ੍ਰਿਬਿਊਨਲ ਦੀ ਕਾਰਜਪ੍ਰਕਿਰਿਆ ਦੇ ਨਿਯਮ); ਅਤੇ
  • ਟ੍ਰਿਬਿਊਨਲ ਵੱਲੋਂ ਸਥਾਪਤ ਨੀਤੀਆਂ।

ਉਹਨਾਂ ਨਿਯਮਾਂ ਨੂੰ ਜਾਨਣਾ ਬਹੁਤ ਅਹਿਮ ਹੈ ਜੋ ਤੁਹਾਡੇ ਕੇਸ ਵਿੱਚ ਲਾਗੂ ਹੁੰਦੇ ਹਨ। ਮਿਸਾਲ ਦੇ ਤੌਰ ‘ਤੇ ਦਸਤਾਵੇਜ਼ ਦਾਇਰ ਕਰਨ ਲਈ ਸਮੇਂ ਦੀ ਹੱਦ ਹੋਵੇਗੀ ਅਤੇ ਤੈਅ ਸਮੇਂ ਨੂੰ ਪੂਰਾ ਕਰਨ ਵਿੱਚ ਨਾਕਾਮੀ ਤੁਹਾਨੂੰ ਕੇਸ ਵਿੱਚ ਅੱਗੇ ਵਧਣ ਤੋਂ ਰੋਕ ਸਕਦੀ ਹੈ ਜਾਂ ਸੁਣਵਾਈ ‘ਤੇ ਦਸਤਾਵੇਜ਼ ਨੂੰ ਪੇਸ਼ ਕਰਨ ਤੋਂ ਰੋਕ ਸਕਦੀ ਹੈ।

ਕੁਝ ਟ੍ਰਿਬਿਊਨਲ ਵੈਬਸਾਈਟਾਂ ਆਪਣੇ ਪਿਛਲੇ ਫੈਸਲਿਆਂ ਦੇ ਡੈਟਾਬੇਸ ਨੂੰ ਮੁਹੱਈਆ ਕਰਵਾਉਂਦੇ ਹਨ ਜੋ ਇਸ ਨੇ ਕੀਤੇ ਹਨ (ਮਿਸਾਲ ਦੇ ਤੌਰ ‘ਤੇ ਰੈਜ਼ੀਡੈਂਸ਼ੀਅਲ ਟੈਨੈਂਸੀ ਬਰਾਂਚ)। ਤੁਸੀਂ ਆਪਣੇ ਵਰਗੇ ਕੇਸਾਂ ਬਾਰੇ ਪੜ੍ਹ ਸਕਦੇ ਹੋ ਅਤੇ ਇਸ ਬਾਰੇ ਪਤਾ ਲਗਾ ਸਕਦੇ ਹੋ ਕਿ ਟ੍ਰਿਬਿਊਨਲ ਕਿਹੜੇ ਫੈਸਲੇ ‘ਤੇ ਪਹੁੰਚਿਆ ਸੀ। ਇਹ ਜਾਣਕਾਰੀ ਤੁਹਾਨੂੰ ਆਪਣੇ ਕੇਸ ਵਿੱਚ ਕਾਨੂੰਨੀ ਮੁੱਦਿਆਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰੇਗੀ ਅਤੇ ਦੂਜੀ ਧਿਰ ਨਾਲ ਝਗੜੇ ਦੇ ਜਲਦ ਨਿਪਟਾਰੇ ਤੁਹਾਡੀ ਮਦਦ ਕਰ ਸਕਦੀ ਹੈ। ਜੇ ਟ੍ਰਿਬਿਊਨਲ ਪਿਛਲੇ ਫੈਸਲਿਆਂ ਦੇ ਡੈਟਾਬੇਸ ਦਾ ਰੱਖ-ਰਖਾਓ ਨਹੀਂ ਕਰਦਾ ਤਾਂ, ਤੁਸੀਂ ਇੱਕੋ ਜਿਹੇ ਕੇਸਾਂ ਨੂੰ ਪੜ੍ਹ ਸਕਦੇ ਹੋ ਜਿਹਨਾਂ ਦੀ ਅਪੀਲ ਬੀਸੀ ਸੁਪਰੀਮ ਕੋਰਟ ਜਾਂ ਬੀਸੀ ਕੋਰਟ ਆਫ ਅਪੀਲ ਵਿੱਚ ਕੀਤੀ ਗਈ ਸੀ। ਬੀਸੀ ਸਰਕਾਰ ਦੀ ਕੋਰਟਸ ਵੈਬਸਾਈਟ ‘ਤੇ ਸਾਰੇ ਅਦਾਲਤੀ ਫੈਸਲਿਆਂ ਦਾ ਡੈਟਾਬੇਸ ਆਨਲਾਈਨ ਮਿਲ ਸਕਦਾ ਹੈ।

ਸਬੂਤ ਇੱਕਠੇ ਕਰਨਾ
ਜਿਉਂ ਹੀ ਤੁਹਾਨੂੰ ਪਤਾ ਲਗਦਾ ਹੈ ਕਿ ਤੁਸੀਂ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਸ਼ਾਮਲ ਹੋ ਸਕਦੇ ਹੋ, ਤਾਂ ਤੁਹਾਨੂੰ ਆਪਣੇ ਕੇਸ ਨੂੰ ਸਾਬਤ ਕਰਨ ਲਈ ਸਬੂਤ ਇੱਕਠੇ ਕਰਨੇ ਚਾਹੀਦੇ ਹਨ। ਤੁਹਾਡੇ ਸਬੂਤਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਅਸਲ ਦਸਤਾਵੇਜ਼ (ਮਿਸਾਲ ਦੇ ਤੌਰ ‘ਤੇ ਸਮਝੌਤੇ, ਚਿੱਠੀਆਂ, ਰਸੀਦਾਂ, ਵਿਤੀ ਸਟੇਟਮੈਂਟਾ ਰੱਦ ਕੀਤੇ ਚੈਕ ਆਦਿ);
  • ਜੇ ਅਸਲ ਦਸਤਾਵੇਜ਼ ਉਪਲਭਧ ਨਹੀਂ ਹਨ ਤਾਂ ਸਾਫ, ਪੜ੍ਹਨਯੋਗ ਫੋਟੋਕਾਪੀਆਂ; ਅਤੇ
  • ਉਹਨਾਂ ਲੋਕਾਂ ਦੇ ਬਿਆਨ ਜੋ ਇੱਕ ਘਟਨਾ ਦੇ ਚਸ਼ਮਦੀਦ ਗਵਾਹ ਸਨ ਜਾਂ ਖਾਸ ਮੁੱਦੇ ਬਾਰੇ ਸਿੱਧਾ ਗਿਆਨ ਹੈ (ਮਿਸਾਲ ਦੇ ਤੌਰ ‘ਤੇ ਇੱਕ ਦੋਸਤ ਜਿਸ ਨੇ ਤੁਹਾਨੂੰ ਮਕਾਨ ਮਾਲਕ ਨੂੰ ਕਿਰਾਏ ਦਾ ਚੈਕ ਦਿੰਦੇ ਦੇਖਿਆ)। ਇਹਨਾਂ ਗਵਾਹਾਂ ਤੋਂ ਹਲਫ ਲੈ ਕੇ ਦਿੱਤੇ ਬਿਆਨ ਦੁਆਉਣਾ ਸਭ ਤੋਂ ਵਧੀਆ ਹੁੰਦਾ ਹੈ (ਜਿਵੇਂ ਕਿ ਹਲਫੀਆ ਬਿਆਨ ਜਾਂ ਵਿਧਾਨਕ ਐਲਾਨਨਾਮੇ)।

ਤੁਹਾਨੂੰ ਇਸ ਜਾਣਕਾਰੀ ਨੂੰ ਇੱਕਠੀ ਕਰਨ ਦੀ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ ਜਿਉਂ ਹੀ ਤੁਹਾਨੂੰ ਪਤਾ ਲਗਦਾ ਹੈ ਕਿ ਤੁਸੀਂ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਸ਼ਾਮਲ ਹੋ ਸਕਦੇ ਹੋ। ਹੋ ਸਕਦਾ ਹੈ ਕਿ ਤੁਹਾਨੂੰ ਦੂਜੀ ਧਿਰ ਨਾਲ ਦਸਤਾਵੇਜ਼ਾਂ ਦਾ ਵਟਾਂਦਰਾ ਕਰਨਾ ਪਏ, ਜਿਹਨਾਂ ਕੋਲ ਉਹਨਾਂ ਦੀ ਜਾਂਚ ਕਰਨ ਦਾ ਅਧਿਕਾਰ ਹੈ, ਅਤੇ ਤੁਹਾਨੂੰ ਸੁਣਵਾਈ ਤੋਂ ਕਾਫੀ ਸਮਾਂ ਪਹਿਲਾਂ ਨਿਰਣਾਇਕ ਕੋਲ ਉਹਨਾਂ ਨੂੰ ਪੇਸ਼ ਕਰਨਾ ਪੈ ਸਕਦਾ ਹੈ। ਜੇ ਤੁਹਾਡੇ ਕੋਲ ਇਹ ਦਸਤਾਵੇਜ਼ ਤਿਆਰ ਅਤੇ ਉਪਲਭਧ ਨਹੀਂ ਹਨ, ਤੁਸੀਂ ਅਹਿਮ ਸਮੇਂ ਦੀ ਹੱਦ ਗੁਆ ਸਕਦੇ ਹੋ, ਜੋ ਤੁਹਾਡੇ ਕੇਸ ਨੂੰ ਪੇਚੀਦਾ ਬਣਾ ਸਕਦੀ ਹੈ।

ਟ੍ਰਿਬਿਊਨਲ ਦੇ ਨਿਯਮਾਂ ਦੀ ਪੜਚੋਲ ਕਰਨੀ ਕਿਉਂਕਿ ਇਹ ਤੁਹਾਨੂੰ ਕਈ ਗੱਲਾਂ ਬਾਰੇ ਸੇਧ ਦੇਣਗੇ ਜਿਵੇਂ ਕਿ:

  • ਤੁਹਾਨੂੰ ਕਿਵੇਂ ਲਾਜਮੀ ਤੌਰ ‘ਤੇ ਦੂਜੀ ਧਿਰ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਤੁਸੀਂ ਦਸਤਾਵੇਜ਼ਾਂ ਨੂੰ ਸਬੂਤ ਦੇ ਰੂਪ ਵਿੱਚ ਪੇਸ਼ ਕਰੋਗੇ;
  • ਸੁਣਵਾਈ ‘ਤੇ ਤੁਸੀਂ ਦਸਤਾਵੇਜ਼ਾਂ ਨੂੰ ਸਬੂਤ ਦੇ ਤੌਰ ‘ਤੇ ਕਿਵੇਂ ਪੇਸ਼ ਕਰਦੇ ਹੋ;
  • ਕਿੰਨੀਆਂ ਕਾਪੀਆਂ ਲਿਆਉਣੀਆਂ ਹਨ;
  • ਦਸਤਾਵੇਜ਼ਾਂ ਨੂੰ ਨੰਬਰ ਕੌਣ ਦਿੰਦਾ ਹੈ; ਅਤੇ
  • ਸਫੇ ਦਾ ਅਕਾਰ।

ਸਭ ਤੋਂ ਵਧੀਆ ਸਬੂਤ
ਤੁਹਾਡੇ ਕੇਸ ਦੀ ਸਫਲਤਾ ਉਸ ਸਬੂਤ ‘ਤੇ ਨਿਰਭਰ ਕਰਦੀ ਹੈ ਜੋ ਤੁਸੀਂ ਆਪਣੀ ਸਥਿਤੀ ਦੀ ਸਹਾਇਤਾ ਵਾਸਤੇ ਮੁਹੱਈਆ ਕਰਵਾਉਂਦੇ ਹੋ। "ਸਭ ਤੋਂ ਵਧੀਆ ਸਬੂਤ" ਹਮੇਸ਼ਾ, ਸਿੱਧਾ, ਢੁਕਵਾਂ ਅਤੇ ਅਸਲ ਦਸਤਾਵੇਜ਼, ਸਟੇਟਮੈਂਟਾਂ ਜਾਂ ਹੋਰ ਜਾਣਕਾਰੀ ਹੁੰਦੀ ਹੈ ਜੋ ਤੁਹਾਡੇ ਕੇਸ ਦੇ ਤੱਥਾਂ ਦਾ ਸਮਰਥਨ ਕਰਦੀ ਹੈ।

ਨਿਰਣਾਇਕ ਸਬੂਤ ਦੀ ਅਹਿਮੀਅਤ ਬਾਰੇ ਫੈਸਲਾ ਕਰੇਗਾ। ਦੂਜੇ ਸ਼ਬਦਾਂ ਵਿੱਚ ਜਮਾਂ ਕਰਵਾਏ ਗਏ ਸਾਰੇ ਸਬੂਤ ਦੀ ਰੌਸ਼ਨੀ ਵਿੱਚ ਨਿਰਣਾਇਕ ਇਸ ਦੇ "ਵਜਨ" ਨੂੰ ਨਿਰਧਾਰਤ ਕਰੇਗਾ। ਮਿਸਾਲ ਦੇ ਤੌਰ ‘ਤੇ ਤੁਹਾਡੇ ਕੇਸ ਵਿੱਚ ਇੱਕ ਘਟਨਾ ਦਾ ਗਵਾਹ ਤੁਹਾਡੇ ਪੱਖ ਵਿੱਚ ਲਿਹਾਜ ਵਾਲਾ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਨਿਰਣਾਇਕ ਉਸ ਦੇ ਸਬੂਤ ਨੂੰ ਜ਼ਿਆਦਾ ਵਜ਼ਨ ਜਾਂ ਅਹਿਮੀਅਤ ਨਾ ਦੇਵੇ। ਨਿਰਣਾਇਕ ਇਹ ਮੰਨੇਗਾ ਕਿ ਤੁਹਾਡਾ ਜੀਵਨ ਸਾਥੀ ਜਾਂ ਨਜ਼ਦੀਕੀ ਦੋਸਤ ਤੁਹਾਡੇ ਪੱਖ ਵਿੱਚ ਲਿਹਾਜ ਕਰਨ ਵਾਲਾ ਹੋਵੇਗਾ, ਇਸ ਤਰ੍ਹਾਂ ਗਵਾਹੀ ਦੇਣ ਲਈ ਗਵਾਹ ਦੀ ਚੋਣ ਕਰਦਿਆਂ ਇਸ ਗਲ ਨੂੰ ਜ਼ਿਹਨ ਵਿੱਚ ਰੱਖੋ।

ਢੁਕਵਾਂ ਸਬੂਤ
ਸਬੂਤ ਲਾਜਮੀ ਤੌਰ ‘ਤੇ ਢੁਕਵਾਂ ਹੋਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ਕਿ ਇਹ ਮੁੱਦਿਆਂ ਅਤੇ ਤੱਥਾਂ ਨਾਲ ਸਬੰਧਤ ਹੋਣਾ ਚਾਹੀਦਾ ਹੈ। ਆਪਣੇ ਆਪ ਤੋਂ ਪੁੱਛੋ: ਕੀ ਇਹ ਸਬੂਤ ਤੁਹਾਡੇ ਕੇਸ ਵਿੱਚ ਤੱਥਾਂ ਨੂੰ ਸਾਬਤ ਕਰਨ ਲਈ ਮਦਦ ਕਰੇਗਾ? ਇੱਥੇ ਇੱਕ ਵਿਰੋਧੀ ਪ੍ਰਸਥਿਤੀ ਵਾਲੀ ਮਿਸਾਲ ਹੈ: ਜੇ ਤੁਹਾਡੇ ਕੇਸ ਵਿੱਚ ਮੁੱਦਾ ਹੈ ਕਿ ਕੀ ਸੱਟ ਕੰਮ ਨਾਲ ਸਬੰਧਤ ਹੈ, ਤਾਂ ਇਹ ਤੱਥ ਕਿ ਤੁਸੀਂ ਇੱਕ ਲੋੜੋਂ ਵੱਧ ਵਜਨ ਵਾਲੇ ਬਕਸਿਆਂ ਨੂੰ ਚੁਕਦਿਆਂ ਬਾਂਹ ਜਖ਼ਮੀ ਕਰਵਾ ਲਈ, ਜੋ ਇੱਕ ਢੁਕਵੀਂ ਜਾਣਕਾਰੀ ਹੈ, ਇਹ ਤੱਥ ਕਿ ਉਸ ਦਿਨ ਮੀਂਹ ਪੈ ਰਿਹਾ ਸੀ ਉਦੋਂ ਤਕ ਢੁਕਵਾਂ ਨਹੀਂ ਹੈ ਜਦੋਂ ਤਕ ਇਹ ਹਾਦਸੇ ਵਿੱਚ ਯੋਗਦਾਨ ਨਹੀਂ ਪਾਉਂਦਾ।

ਅਸਲ ਦਸਤਾਵੇਜ਼
ਇੱਕ ਅਸਲ ਦਸਤਾਵੇਜ਼ ਸਭ ਤੋਂ ਸਭ ਤੋਂ ਵਧੀਆ ਸਬੂਤ ਹੈ; ਜੇ ਤੁਹਾਡੇ ਕੋਲ ਅਸਲ ਨਹੀਂ ਹੈ, ਤਾਂ ਤੁਹਾਨੂੰ ਨਿਰਣਾਇਕ ਨੂੰ ਇਹ ਸਪਸ਼ਟੀਕਰਨ ਦੇਣਾ ਪਏਗਾ ਕਿ ਤੁਸੀਂ ਕਾਪੀ ਕਿਉਂ ਪੇਸ਼ ਕਰ ਰਹੇ ਹੋ - ਹੋ ਸਕਦਾ ਹੈ ਕਿ ਅਸਲ ਗੁੰਮ ਗਿਆ ਹੋਵੇ, ਜ਼ਾਇਆ ਹੋ ਗਿਆ ਹੋਵੇ, ਜਾਂ ਕਿਸੇ ਹੋਰ ਕੋਲ ਹੋਵੇ।

ਸਿੱਧੀ ਗਵਾਹੀ
ਕੋਈ ਵਿਅਕਤੀ ਜਿਸ ਨੇ ਅਜਿਹੀ ਘਟਨਾ ਨੂੰ ਵਾਪਰਦਿਆਂ ਦੇਖਿਆ ਜੋ ਤੁਹਾਡੇ ਕੇਸ ਲਈ ਅਹਿਮ ਹੈ, ਉਹ ਜੋ ਕੁਝ ਵਾਪਰਿਆ ਉਸ ਬਾਰੇ ਸਿੱਧੀ ਗਵਾਹੀ ਦੇ ਸਕੇਗਾ। ਇਹ ਗਵਾਹੀ ਉਸ ਵਿਅਕਤੀ ਨਾਲੋਂ ਕਿਤੇ ਬਿਹਤਰ ਹੈ ਜਿਸ ਨੂੰ ਘਟਨਾ ਬਾਰੇ ਦੱਸਿਆ ਗਿਆ ਸੀ , ਪਰ ਉਸ ਨੇ ਇਸ ਨੂੰ ਵਾਪਰਦਿਆਂ ਨਹੀਂ ਦੇਖਿਆ ਸੀ।

ਗਵਾਹ
ਕੁਝ ਕੇਸਾਂ ਵਿੱਚ ਸੁਣਵਾਈ ਲਈ ਗਵਾਹ ਨੂੰ ਲਿਆਉਣਾ, ਅਤੇ ਤੁਹਾਡੇ ਕੇਸ ਦੇ ਸਮਰਥਨ ਵਿੱਚ ਬਿਆਨ ਦੇਣ ਲਈ ਗਵਾਹ ਦਾ ਹੋਣਾ ਅਹਿਮ ਹੋ ਸਕਦਾ ਹੈ। ਇੱਕ ਵਾਰ ਫੇਰ ਵਿਅਕਤੀਗਤ ਸੁਣਵਾਈ ਵਿੱਚ "ਸਭ ਤੋਂ ਵਧੀਆ ਸਬੂਤ" ਸੁਣਵਾਈ ਲਈ ਅਜਿਹੇ ਗਵਾਹ ਨੂੰ ਨਾਲ ਲਿਆਉਣਾ ਹੈ ਜੋ ਆਪਣੀ ਗਵਾਹੀ ਸਿੱਧੇ ਤੌਰ ‘ਤੇ ਨਿਰਣਾਇਕ ਨੂੰ ਦੇ ਸਕੇ।

ਜੇ ਤੁਸੀਂ ਵਿਅਕਤੀਗਤ ਸੁਣਵਾਈ ਲਈ ਗਵਾਹ ਨਾਲ ਲਿਆ ਰਹੇ ਹੋ, ਤਾਂ ਤੁਹਾਨੂੰ ਸਮੇਂ ਤੋਂ ਪਹਿਲਾਂ ਗਵਾਹ ਲਈ ਆਪਣੇ ਸਵਾਲ ਤਿਆਰ ਕਰ ਲੈਣੇ ਚਾਹੀਦੇ ਹਨ ਅਤੇ ਗਵਾਹ ਨਾਲ ਉਹਨਾਂ ਦੀ ਪੜਚੋਲ ਕਰ ਲੈਣੀ ਚਾਹੀਦੀ ਹੈ। ਹਾਲਾਂਕਿ ਤੁਸੀਂ ਗਵਾਹ ਨੂੰ ਇਹ ਨਹੀਂ ਦਸ ਸਕਦੇ ਕਿ ਸਵਾਲਾਂ ਦਾ ਜਵਾਬ ਕਿਵੇਂ ਦੇਣਾ ਹੈ, ਪਰ ਤੁਸੀਂ ਉਸ ਨੂੰ ਇਸ ਵਾਸਤੇ ਤਿਆਰ ਕਰ ਸਕਦੇ ਹੋ ਕਿ ਤੁਹਾਡੇ ਤੋਂ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ।

ਮਾਹਰ ਗਵਾਹ
ਕੁਝ ਕੇਸਾਂ ਵਿੱਚ, ਹੋ ਸਕਦਾ ਹੈ ਕਿ ਤੁਸੀਂ ਮਾਹਰ ਗਵਾਹ ਤੋਂ ਸੁਣਵਾਈ ‘ਤੇ ਰਿਪੋਰਟ ਜਾਂ ਗਵਾਹੀ ਦੁਆਉਣਾ ਚਾਹੋ। ਇੱਕ ਮਾਹਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਕੋਲ ਖਾਸ ਗਿਆਨ, ਮਹਾਰਤ ਸਿਖਲਾਈ, ਅਤੇ ਤਜ਼ਰਬਾ ਹੁੰਦਾ ਹੈ ,ਜਿਵੇਂ ਕਿ ਇੱਕ ਇੰਜੀਨੀਅਰ ਜਾਂ ਇੱਕ ਡਾਕਟਰ ਕੋਲ, ਜੋ ਮਾਹਰ ਰਾਏ ਮੁਹੱਈਆ ਕਰ ਸਕਦਾ ਹੈ। ਮਾਹਰ ਦੀ ਰਾਏ ਇਸ ਜਾਣਕਾਰੀ ‘ਤੇ ਅਧਾਰਤ ਹੁੰਦੀ ਹੈ ਕਿ ਉਸ ਨੇ ਵਿਅਕਤੀਗਤ ਤੌਰ ‘ਤੇ ਨਿਰੀਖਣ ਕੀਤਾ ਹੈ, ਜਾਂ ਉਸ ਕੋਲ ਜਾਣਕਾਰੀ ਹੈ ਜੋ ਹੋਰਨਾਂ ਵੱਲੋਂ ਮੁਹੱਈਆ ਕਰਵਾਈ ਗਈ ਸੀ।

ਜੇ ਤੁਸੀਂ ਸੁਣਵਾਈ ‘ਤੇ ਇੱਕ ਮਾਹਰ ਗਵਾਹ ਲਿਆਉਣ ਦਾ ਇਰਾਦਾ ਰੱਖਦੇ ਹੋ ਜਾਂ ਇੱਕ ਮਾਹਰ ਦੀ ਰਿਪੋਰਟ ਪੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਜਮੀ ਤੌਰ ‘ਤੇ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮਿਸਾਲ ਦੇ ਤੌਰ ‘ਤੇ ਤੁਹਾਨੂੰ ਸੁਣਵਾਈ ਦੀ ਤਾਰੀਖ ਤੋਂ ਘੱਟੋ-ਘੱਟ 30 ਦਿਨ ਪਹਿਲਾਂ ਮਾਹਰ ਦੀ ਰਿਪੋਰਟ ਜਾਂ ਤੁਸੀਂ ਮਾਹਰ ਤੋਂ ਸੁਣਵਾਈ ‘ਤੇ ਜੋ ਕਹਾਉਣਾ ਚਾਹੁੰਦੇ ਹੋ, ਇਸ ਬਾਰੇ ਸਾਰ ਪੇਸ਼ ਕਰਨਾ ਪੈ ਸਕਦਾ ਹੈ। ਟ੍ਰਿਬਿਊਨਲ ਦੇ ਕਾਰਜ-ਪ੍ਰਕਿਰਿਆਤਮਕ ਨਿਯਮਾਂ ਦੀ ਪੜਚੋਲ ਦੁਆਰਾ ਮਾਹਰ ਗਵਾਹਾਂ ‘ਤੇ ਲਾਗੂ ਹੋਣ ਵਾਲੇ ਵਿਸ਼ੇਸ਼ ਨਿਯਮਾਂ ਬਾਰੇ ਖੁਦ ਨੂੰ ਸੂਚਿਤ ਕਰਨਾ ਬੇਹਦ ਅਹਿਮ ਹੁੰਦਾ ਹੈ।

 

ਆਪਣੀ ਸਮੱਗਰੀ ਨੂੰ ਵਿਵਸਥਿਤ ਕਰਨਾ
ਆਪਣੇ ਸਬੂਤ ਨੂੰ ਤਰਕਪੂਰਨ ਤਰੀਕੇ ਨਾਲ ਵਿਵਸਥਿਤ ਕਰੋ- ਇੱਕ ਬਾਈਂਡਰ, ਫੀਤੇ ਦੇ ਨਾਲ, ਤੁਹਾਡੀ ਸਮੱਗਰੀ ਨੂੰ ਇੱਕਠਾ ਕਰਨ ਦਾ ਇੱਕ ਅਸਾਨ ਤਰੀਕਾ ਹੈ। ਇਹ ਯਕੀਨੀ ਬਣਾਓ ਕਿ ਜਿਹੜੀਆਂ ਵੀ ਫੋਟੋਕਾਪੀਆਂ ਤੁਸੀਂ ਸ਼ਾਮਲ ਕਰ ਰਹੇ ਹੋ ਸਾਫ ਅਤੇ ਪੜ੍ਹਨਯੋਗ ਹੋਣ। ਕਈ ਵਾਰੀ ਤਸਵੀਰਾਂ ਵਰਗੀਆਂ ਚੀਜ਼ਾਂ ਰੰਗਦਾਰ ਵਿੱਚ ਹੋਰ ਜ਼ਿਆਦਾ ਅਸਰਦਾਰ ਹੁੰਦੀਆਂ ਹਨ। ਇਸ ਬਾਰੇ ਪਤਾ ਲਗਾਓ ਕਿ ਲਾਜਮੀ ਤੌਰ ‘ਤੇ ਕਿੰਨੀ ਕਾਪੀਆਂ ਤੁਸੀਂ ਟ੍ਰਿਬਿਊਨਲ ਕੋਲ ਪੇਸ਼ ਕਰਨੀਆਂ ਹਨ।

ਚੰਗੀ ਪੇਸ਼ਕਾਰੀ ਕਿਵੇਂ ਕਰੀਏ
ਨਿਰਣਾਇਕ ਨੂੰ ਪ੍ਰਭਾਵਸ਼ਾਲੀ ਪੇਸ਼ਕਾਰੀ ਕਰਨ ਦੀ ਕੂੰਜੀ, ਚਾਹੇ ਇਹ ਲਿਖਤੀ ਰੂਪ ਵਿੱਚ ਹੈ, ਟੈਲੀਫੋਨ ਜਾਂ ਵੀਡੀਓਕਾਨਫਰੰਸ ਦੁਆਰਾ ਹੈ, ਜਾਂ ਵਿਅਕਤੀਗਤ ਰੂਪ ਵਿੱਚ ਹੈ, ਆਪਣੇ ਦਸਤਾਵੇਜ਼ ਵਿਵਸਥਤ ਕਰਨਾ ਹੈ ਅਤੇ ਤੁਹਾਡੇ ਕੇਸ ਦੀ ਸੁਣਵਾਈ ਕਰ ਰਹੇ ਨਿਰਣਾਇਕ ਕੋਲ ਤਰਕਪੂਰਨ ਤਰੀਕੇ ਨਾਲ ਜਾਣਕਾਰੀ ਪੇਸ਼ ਕਰਨਾ ਹੈ। ਮਿਸਾਲ ਦੇ ਤੌਰ ‘ਤੇ ਆਪਣੇ ਦਸਤਾਵੇਜ਼ਾਂ ਨੂੰ ਬਾਈਂਡਰ ਸਹਿਤ, ਟੈਬ ਮਾਰਕਰ ਨਾਲ ਵਿਵਸਥਤ ਕਰਨ ਬਾਰੇ ਸੋਚੋ। ਕੀ ਸਮੱਗਰੀ ਨੂੰ ਘਟਨਾਕ੍ਰਮ ਮੁਤਾਬਕ, ਜਾਂ ਵਿਸ਼ੇ ਰਾਹੀਂ ਸਭ ਤੋਂ ਵਧੀਆ ਢੰਗ ਨਾਲ ਵਿਵਥਿਤ ਕੀਤਾ ਜਾਂਦਾ ਹੈ?

ਤੁਹਾਡੀ ਆਮ ਪਹੁੰਚ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ:

  • ਨਿਰਣਾਇਕ ਨੂੰ ਉਹਨਾਂ ਤੱਥਾਂ ਬਾਰੇ ਦੱਸੋ ਜਿਹਨਾਂ ਸਬੰਧੀ ਉਹਨਾਂ ਨੂੰ ਤੁਹਾਡੇ ਕੇਸ ਬਾਰੇ ਜਾਨਣ ਦੀ ਲੋੜ ਹੈ।
  • ਤੱਥਾਂ ਨੂੰ ਸਾਫ ਅਤੇ ਅਸਾਨ ਢੰਗ ਨਾਲ ਪੇਸ਼ ਕਰੋ।
  • ਆਪਣੇ ਕੇਸ ਦੇ ਸਮਰਥਨ ਵਿੱਚ ਸਮੱਗਰੀ ਮੁਹੱਈਆ ਕਰਵਾਉ।
  • ਵਿਆਖਿਆ ਕਰੋ ਕਿ ਕਾਨੂੰਨ ਕਿਵੇਂ ਤੁਹਾਡੇ ਕੇਸ ਦਾ ਸਮਰਥਨ ਕਰਦਾ ਹੈ।

ਕਾਨੂੰਨ ਦਾ ਖੁਲਾਸਾ ਵਿਧਾਨਕ ਸੰਸਥਾ ਦੇ ਲਿਖਤੀ ਕਾਨੂੰਨਾਂ, ਅਧਿਨਿਯਮਾਂ, ਅਤੇ ਕੇਸ ਲਾਅ ਵਿੱਚ ਕੀਤਾ ਜਾਂਦਾ ਹੈ। ਤੁਹਾਨੂੰ ਯਕੀਨਨ ਉਸ ਕਾਨੂੰਨ ਬਾਰੇ ਵਕੀਲ ਨਾਲ ਗੱਲ ਕਰਨ ਦਾ ਫਾਇਦਾ ਹੋਵੇਗਾ ਜੋ ਤੁਹਾਡੇ ਕੇਸ ਵਿੱਚ ਲਾਗੂ ਹੁੰਦਾ ਹੈ। ਇੱਕ ਵਕੀਲ ਤੁਹਾਡੇ ਕੋਲ ਕਾਨੂੰਨ ਦੀ ਵਿਆਖਿਆ ਕਰ ਸਕਦਾ ਹੈ ਅਤੇ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਇੱਕ ਨਿਰਣਾਇਕ ਕਿਵੇਂ ਕਾਨੂੰਨ ਨੂੰ ਤੁਹਾਡੇ ਕੇਸ ਦੇ ਤੱਥਾਂ ‘ਤੇ ਲਾਗੂ ਕਰੇਗਾ। ਕੇਸ ਲਾਅ ਤੁਹਾਡੇ ਵਰਗੇ ਕੇਸਾਂ ਦਾ ਇੱਕ ਸੰਗ੍ਰਿਹ ਹੈ ਜਿਹਨਾਂ ਦੀ ਸੁਣਵਾਈ ਅਤੀਤ ਵਿੱਚ ਟ੍ਰਿਬਿਊਨਲ ਵੱਲੋਂ ਕੀਤੀ ਜਾ ਚੁੱਕੀ ਹੈ। ਨਿਰਣਾਇਕ ਤੁਹਾਡੇ ਕੇਸ ਦਾ ਫੈਸਲਾ ਤੁਹਾਡੇ ਵਰਗੇ ਕੇਸਾਂ ਵਿੱਚ ਹੋਰਨਾਂ ਨਿਰਣਾਇਕਾਂ ਵੱਲੋਂ ਕੀਤੇ ਗਏ ਫੈਸਲਿਆਂ ਦੇ ਮੁਤਾਬਕ, ਹਿੱਸੇ ਵਿੱਚ, ਕਰੇਗਾ।

ਕੋਰਟਹਾਊਸ ਲਾਇਬਰੇਰੀਆਂ ਵਿਖੇ ਸਟਾਫ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦਾ, ਪਰ ਉਹ ਤੁਹਾਨੂੰ ਕਾਨੂੰਨੀ ਵਸੀਲਿਆਂ ਦੀ ਭਾਲ ਕਰਨ ਅਤੇ ਇਹ ਦਿਖਾਉਣ ਲਈ ਕਿ ਇਹ ਤੁਹਾਡੇ ਕੇਸ ਵਿੱਚ ਕਿਵੇਂ ਲਾਗੂ ਹੁੰਦੇ ਹਨ, ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਆਪਣੀ ਕਾਨੂੰਨੀ ਦਲੀਲ ਦੇਣ ਵਿੱਚ ਮਦਦ ਲੈਣ ਲਈ ਉਹਨਾਂ ਦੀ ਵੈਬਸਾਈਟ ‘ਤੇ ਜਾਓ ਜਾਂ ਇਸ ਟੌਲ ਫਰੀ ਨੰਬਰ ‘ਤੇ ਕਾਲ ਕਰੋ:1-800-665-2570

ਸੁਣਵਾਈ ਨੂੰ ਦੇਖਣਾ
ਜੇ ਤੁਸੀਂ ਵਿਅਕਤੀਗਤ ਰੂਪ ਵਿੱਚ ਨਿਰਣਾਇਕ ਸਾਹਮਣੇ ਪੇਸ਼ ਹੋਵੋਗੇ, ਤਾਂ ਸਭ ਤੋਂ ਵਧੀਆ ਸਲਾਹ ਹੈ ਕਿ ਜਾਓ ਅਤੇ ਸੁਣਵਾਈ ਹੁੰਦੇ ਦੇਖੋ। ਇਹ ਪਤਾ ਲਗਾਉਣ ਲਈ ਟ੍ਰਿਬਿਊਨਲ ਤੋਂ ਜਾਂਚ ਕਰੋ ਕਿ ਕੀ ਸੁਣਵਾਈਆਂ ਜਨਤਾ ਲਈ ਖੁੱਲ੍ਹੀਆਂ ਹਨ ਅਤੇ  ਉਹਨਾਂ ਦੇ ਹੋਣ ਦਾ ਕਾਰਜਕ੍ਰਮ ਕਦੋਂ ਤੈਅ ਹੈ। ਸੁਣਵਾਈ ਵਿੱਚ ਹਾਜ਼ਰ ਹੋਣ ਨਾਲ ਤੁਹਾਨੂੰ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਸੁਣਵਾਈਆਂ ਕਿਵੇਂ ਹੁੰਦੀਆਂ ਹਨ ਅਤੇ ਇਹ ਤੁਹਾਡੀ ਆਪਣੀ ਸੁਣਵਾਈ ਲਈ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰੇਗੀ।